ਬਾਬਰ ਨੇ ਜਿੱਤ ਦਾ ਸਿਹਰਾ ਆਲਰਾਊਂਡਰ ਪ੍ਰਦਰਸ਼ਨ ਨੂੰ ਦਿੱਤਾ

10/27/2021 12:18:31 AM

ਸ਼ਾਰਜਾਹ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ -12 ਗੇੜ ਦੇ ਗਰੁੱਪ ਦੋ ਮੈਚ ਵਿਚ ਨਿਊਜ਼ੀਲੈਂਡ ਦੇ ਵਿਰੁੱਧ ਜਿੱਤ ਦਾ ਸਿਹਰਾ ਟੀਮ ਦੇ ਆਲਰਾਊਂਡਰ ਪ੍ਰਦਰਸ਼ਨ ਨੂੰ ਦਿੱਤਾ। ਤੇਜ਼ ਗੇਂਦਬਾਜ਼ ਹਾਰਿਸ ਰਾਊਫ (22 ਦੌੜਾਂ 'ਤੇ ਚਾਰ) ਦੀ ਤੂਫਾਨੀ ਗੇਂਦਬਾਜ਼ੀ ਸਾਹਮਣੇ ਨਿਊਜ਼ੀਲੈਂਡ ਦੀ ਟੀਮ 8 ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ 8 ਗੇਂਦਾਂ ਰਹਿੰਦੇ ਹੋਏ ਪੰਜ ਵਿਕਟਾਂ 'ਤੇ 135 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (33), ਸ਼ੋਏਬ ਮਲਿਕ (20 ਗੇਂਦਾਂ ਵਿਚ ਅਜੇਤੂ 26) ਤੇ ਆਸਿਫ ਅਲੀ (12 ਗੇਂਦਾਂ ਵਿਚ ਅਜੇਤੂ 27) ਨੇ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸਪਿਨਰਾਂ ਇਮਾਦ ਵਸੀਮ (24 ਦੌੜਾਂ 'ਤੇ ਇਕ ਵਿਕਟ) ਤੇ ਮੁਹੰਮਦ ਹਫੀਜ਼ (16 ਦੌੜਾਂ 'ਤੇ ਇਕ ਵਿਕਟ) ਤੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ (21 ਦੌੜਾਂ 'ਤੇ ਇਕ ਵਿਕਟ) ਨੇ ਵੀ ਰਾਊਫ ਦਾ ਵਧੀਆ ਸਾਥ ਨਿਭਾਇਆ। 

ਇਹ ਖਬਰ ਪੜ੍ਹੋ- T20 WC, PAK vs NZ : ਪਾਕਿ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


ਬਾਬਰ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਜਿੱਤ ਦਰਜ ਕਰਨਾ ਹਮੇਸ਼ਾ ਵਧੀਆ ਹੁੰਦਾ ਹੈ, ਅਸੀਂ ਇਸ ਆਤਮਵਿਸ਼ਵਾਸ ਨੂੰ ਟੂਰਨਾਮੈਂਟ ਵਿਚ ਅੱਗੇ ਲੈ ਜਾਵਾਂਗੇ। ਗੇਂਦਬਾਜ਼ਾਂ, ਵਿਸ਼ੇਸ਼ਕਰ ਸ਼ਾਹੀਨ ਅਤੇ ਹਾਰਿਸ ਰਾਊਫ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬਾਬਰ ਦਾ ਹਾਲਾਂਕਿ ਮੰਨਣਾ ਹੈ ਕਿ ਉਸਦੇ ਗੇਂਦਬਾਜ਼ਾਂ ਨੇ 10 ਦੌੜਾਂ ਜ਼ਿਆਦਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ 10 ਦੌੜਾਂ ਜ਼ਿਆਦਾ ਦਿੱਤੀਆਂ ਪਰ ਇਹ ਕ੍ਰਿਕਟ ਹੈ ਅਤੇ ਅਜਿਹਾ ਹੁੰਦਾ ਹੈ। ਅਸੀਂ ਜਲਦ ਵਿਕਟ ਗੁਆਏ ਪਰ ਮੈਂ ਸ਼ੋਏਬ ਮਲਿਕ ਤੇ ਆਸਿਫ ਅਲੀ ਨੂੰ ਸਿਹਰਾ ਦਿੰਦਾ ਹਾਂ। ਹਰੇਕ ਮੈਚ ਮਹੱਤਵਪੂਰਨ ਹੈ। ਇਕ ਵਾਰ 'ਚ ਇਕ ਮੈਚ 'ਤੇ ਧਿਆਨ ਲਗਾਉਣਾ ਚਾਹੁੰਦਾ ਹਾਂ ਤੇ ਖੇਡ ਦੇ ਸਾਰੇ ਵਿਭਾਗਾਂ ਵਿਚ ਵਧੀਆਂ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।

ਇਹ ਖਬਰ ਪੜ੍ਹੋ- WI vs SA : ਲੁਈਸ ਨੇ ਤੋੜਿਆ ਕੋਲਿਨ ਮੁਨਰੋ ਦਾ ਵੱਡਾ ਰਿਕਾਰਡ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh