ਅਸੀਂ ਥਾਮਸ ਕੱਪ ''ਚ ਤਮਗੇ ਦੇ ਦਾਅਵੇਦਾਰ : ਪ੍ਰਣੀਤ

05/18/2018 4:28:40 PM

ਨਵੀਂ ਦਿੱਲੀ (ਬਿਊਰੋ)— ਭਾਰਤ ਮਸ਼ਹੂਰ ਥਾਮਸ ਕੱਪ 'ਚ ਯੁਵਾ ਖਿਡਾਰੀਆਂ ਦੀ ਟੀਮ ਦੇ ਨਾਲ ਉਤਰ ਰਿਹਾ ਹੈ ਪਰ ਵਿਸ਼ਵ ਰੈਂਕਿੰਗ 'ਚ 18ਵੇਂ ਸਥਾਨ 'ਤੇ ਕਾਬਜ ਬੀ. ਸਾਈ ਪ੍ਰਣੀਤ ਨੂੰ ਲਗਦਾ ਹੈ ਕਿ ਟੀਮ ਨਾ ਸਿਰਫ ਨਾਕਆਊਟ ਪੜਾਅ 'ਚ ਪਹੁੰਚਣ ਦਾ ਦਮਖਮ ਰਖਦੀ ਹੈ ਸਗੋਂ ਤਮਗੇ ਦੀ ਵੀ ਦਾਅਵੇਦਾਰ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ਦੇ ਪਿਛਲੇ ਤਿੰਨ ਆਯੋਜਨਾਂ ਦੇ ਨਾਕਆਊਟ ਪੜਾਅ 'ਚ ਪਹੁੰਚਣ 'ਚ ਅਸਫਲ ਰਹੀ ਹੈ। 2010 'ਚ ਮਲੇਸ਼ੀਆ 'ਚ ਟੀਮ ਆਖ਼ਰੀ ਵਾਰ ਇਸ ਦੇ ਕੁਆਰਟਰਫਾਈਨਲ 'ਚ ਪਹੁੰਚੀ ਸੀ। ਪ੍ਰਣੀਤ ਇਸ ਗੱਲ ਨੂੰ ਕੇ ਆਸਵੰਦ ਹਨ ਕਿ ਐਤਵਾਰ ਤੋਂ ਬੈਂਕਾਕ 'ਚ ਸ਼ੁਰੂ ਹੋਣ ਵਾਲੇ ਥਾਮਸ ਕੱਪ 'ਚ ਟੀਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ।

ਪ੍ਰਣੀਤ ਨੇ ਪੱਤਰਕਾਰਾਂ ਨੂੰ ਕਿਹਾ, ''ਮੁਕਾਬਲਾ ਕਾਫੀ ਸਖਤ ਹੈ, ਸਾਰੀਆਂ ਟੀਮਾਂ ਮਜ਼ਬੂਤ ਹਨ। ਜੇਕਰ ਅਸੀਂ ਸ਼੍ਰੀਕਾਂਤ ਅਤੇ ਸਾਤਵਿਕ-ਚਿਰਾਗ ਜਿਹੇ ਮਜ਼ਬੂਤ ਖਿਡਾਰੀਆਂ ਦੀ ਟੀਮ ਨਾਲ ਜਾਂਦੇ ਹਾਂ ਤਾਂ ਥਾਮਸ ਕੱਪ ਜਿੱਤਣ ਦਾ ਚੰਗਾ ਮੌਕਾ ਹੋਵੇਗਾ। ਅਜੇ ਸਾਡੀ ਟੀਮ ਯੁਵਾ ਹੈ ਅਤੇ ਅਸੀਂ ਤਮਗੇ ਦੇ ਨਾਲ ਦੇਸ਼ ਪਰਤ ਸਕਦੇ ਹਾਂ।'' ਜ਼ਿਕਰਯੋਗ ਹੈ ਕਿ ਭਾਰਤ ਨੂੰ ਗਰੁੱਪ ਏ 'ਚ ਰਖਿਆ ਗਿਆ ਹੈ ਜਿਸ 'ਚ ਆਸਟਰੇਲੀਆ ਅਤੇ ਫਰਾਂਸ ਦੇ ਇਲਾਵਾ ਮਜ਼ਬੂਤ ਟੀਮ ਮੰਨੀ ਜਾਣ ਵਾਲੀ ਚੀਨ ਦੀ ਟੀਮ ਵੀ ਹੈ। 

ਪ੍ਰਣੀਤ ਨੇ ਕਿਹਾ, ''ਇਸ ਵਾਰ ਸਾਡਾ ਡਰਾਅ ਚੰਗਾ ਹੈ। ਨਾਕਆਊਟ 'ਚ ਪਹੁੰਚਣ ਲਈ ਸਾਨੂੰ ਫਰਾਂਸ ਨੂੰ ਹਰਾਉਣਾ ਹੋਵੇਗਾ। ਪਿਛਲੇ ਸੈਸ਼ਨਾਂ 'ਚ ਸਾਨੂੰ 9 ਤੋਂ 16 ਦੇ ਰੈਂਕਿੰਗ 'ਚ ਰਖਿਆ ਗਿਆ ਸੀ ਜਿਸ ਨਾਲ ਮਜ਼ਬੂਤ ਟੀਮਾਂ ਦੇ ਖਿਲਾਫ ਖੇਡਣਾ ਪਿਆ ਸੀ ਪਰ ਇਸ ਵਾਰ ਸਾਨੂੰ ਚੋਟੀ ਦੇ ਅਠਵੇਂ ਸਥਾਨ 'ਤੇ ਰਖਿਆ ਗਿਆ ਹੈ ਅਤੇ ਅਸੀਂ ਡਰਾਅ ਦੇ ਹਿਸਾਬ ਨਾਲ ਕੁਆਰਟਰਫਾਈਨਲ 'ਚ ਪਹੁੰਚ ਸਕਦੇ ਹਾਂ।''

ਪਿਛਲੇ ਸਾਲ ਸਿੰਗਾਪੁਰ ਓਪਨ ਦੇ ਰੂਪ 'ਚ ਆਪਣਾ ਪਹਿਲਾ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਹੈਦਰਾਬਾਦ ਦੇ ਇਸ 25 ਸਾਲਾ ਦੇ ਖਿਡਾਰੀ ਨੇ ਕਿਹਾ ਕਿ ਟੀਮ ਦਾ ਧਿਆਨ ਪਹਿਲੇ ਦਿਨ ਫਰਾਂਸ ਨੂੰ ਹਰਾਉਣ 'ਤੇ ਹੈ। ਟੀਮ 'ਚ ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਕਾਬਜ ਐੱਚ.ਐੱਸ. ਪ੍ਰਣਯ, ਸਮੀਰ ਵਰਮਾ ਅਤੇ ਯੁਵਾ ਲਕਸ਼ ਸੇਨ ਸਿੰਗਲ 'ਚ ਭਾਰਤੀ ਚੁਣੌਤੀ ਪੇਸ਼ ਕਰਨਗੇ ਤਾਂ ਦੂਜੇ ਪਾਸੇ ਡਬਲਜ਼ 'ਚ ਟੀਮ ਦਾ ਦਾਰੋਮਦਾਰ ਮਨੂ ਅਤਰੀ ਅਤੇ ਸੁਮਿਤ ਰੇਡੀ 'ਤੇ ਹੋਵੇਗਾ। ਡਬਲਜ਼ 'ਚ ਅਰਜੁਨ ਐੱਮ.ਆਰ. ਅਤੇ ਰਾਮਚੰਦਰਨ ਸ਼ਲੋਕ ਵੀ ਟੀਮ ਦਾ ਹਿੱਸਾ ਹੋਣਗੇ।