ਆਟੋ ਚਾਲਕ ਦੀ ਧੀ ਸੰਦੀਪ ਨੇ 8 ਸਾਲ ਦੀ ਉਮਰ ''ਚ ਪਾ ਲਏ ਸਨ ਗਲੱਬਜ਼

12/03/2019 12:01:23 PM

ਪਟਿਆਲਾ (ਪ੍ਰਤਿਭਾ) : 8 ਸਾਲ ਦੀ ਉਮਰ ਵਿਚ ਬਾਕਸਿੰਗ ਗਲੱਬਜ਼ ਪਾ ਕੇ ਰਿੰਗ ਵਿਚ ਟ੍ਰੇਨਿੰਗ ਲਈ ਉੱਤਰੀ ਸੰਦੀਪ ਕੌਰ ਨੇ ਔਖੇ ਹਾਲਾਤ ਦਾ ਸਾਹਮਣਾ ਕਰ ਕੇ ਅੱਜ ਦੇਸ਼ ਲਈ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਲਿਆ ਹੈ। ਆਟੋ ਚਾਲਕ ਜਸਵੀਰ ਸਿੰਘ ਦੀ ਧੀ ਸੰਦੀਪ 16 ਸਾਲ ਦੀ ਉਮਰ ਵਿਚ ਪੋਲੈਂਡ ਵਿਚ ਇਸੇ ਸਾਲ ਹੋਈ 13ਵੀਂ ਇੰਟਰਨੈਸ਼ਨਲ ਸਿਲੇਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਲਿਆਈ ਅਤੇ ਵਿਦੇਸ਼ੀ ਧਰਤੀ 'ਤੇ ਦੇਸ਼ ਦੇ ਤਿਰੰਗੇ ਨੂੰ ਉੱਚਾ ਕੀਤਾ। ਵਿੱਤੀ ਤੌਰ 'ਤੇ ਕਮਜ਼ੋਰ ਹੋਣ ਦੇ ਬਾਵਜੂਦ ਸੰਦੀਪ ਨੂੰ ਕੋਈ ਵੀ ਹਾਲਾਤ ਰੋਕ ਨਹੀਂ ਸਕੇ। ਹਸਨਪੁਰ ਪਿੰਡ ਦੀ ਸੰਦੀਪ ਨੂੰ ਬਾਕਸਿੰਗ ਵਿਚ ਜਾਂਦਾ ਦੇਖ ਪਿੰਡ ਵਾਸੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਬਾਕਸਿੰਗ ਨਾਲ ਸੰਦੀਪ ਦਾ ਚਿਹਰਾ ਖਰਾਬ ਹੋ ਜਾਵੇਗਾ। ਕੋਈ ਉਸ ਨਾਲ ਵਿਆਹ ਵੀ ਨਹੀਂ ਕਰੇਗਾ ਪਰ ਇਹ ਗੱਲਾਂ ਵੀ ਸੰਦੀਪ ਨੂੰ ਪਿਘਲਾ ਨਹੀਂ ਸਕੀਆਂ।

ਓਲੰਪਿਕ 'ਚ ਮੈਡਲ ਲਿਆਉਣ ਦਾ ਟੀਚਾ

ਛੋਟੀ ਜਿਹੀ ਉਮਰ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਜਿੱਤ ਚੁੱਕੀ ਸੰਦੀਪ ਦਾ ਅਗਲਾ ਟੀਚਾ ਓਲੰਪਿਕ ਖੇਡਾਂ ਵਿਚ ਦੇਸ਼ ਲਈ ਮੈਡਲ ਜਿੱਤਣ ਦਾ ਹੈ । ਸੰਦੀਪ ਦੀਆਂ ਤਿੰਨ ਭੈਣਾਂ ਹਨ । ਉਸ ਦਾ ਪਿਤਾ ਜਸਵੀਰ ਸਿੰਘ ਸਮੁੱਚੀਆਂ ਧੀਆਂ ਨੂੰ ਅੱਗੇ ਵਧਾਉਣ ਅਤੇ ਪੜ੍ਹਾਉਣ ਵਿਚ ਲੱਗਿਆ ਹੋਇਆ ਹੈ। ਮਲਟੀਪਰਪਜ਼ ਸਕੂਲ ਵਿਚ 11ਵੀਂ ਦੀ ਪੜ੍ਹਾਈ ਕਰ ਰਹੀ ਸੰਦੀਪ ਕੋਚ ਸੁਨੀਰ ਕੁਮਾਰ ਤੋਂ ਟ੍ਰੇਨਿੰਗ ਲੈ ਰਹੀ ਹੈ ।

ਸੰਦੀਪ ਦੀਆਂ ਕੁਝ ਉਪਲੱਬਧੀਆਂ

ਪੋਲੈਂਡ ਵਿਚ 13ਵੀਂ ਇੰਟਰਨੈਸ਼ਨਲ ਸਿਲੇਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਗੋਲਡ
ਜ਼ਿਲਾ ਅਤੇ ਸੂਬਾ ਪੱਧਰ 'ਤੇ ਕਈ ਮੈਡਲ ਜਿੱਤ ਚੁੱਕੀ ਸੰਦੀਪ ਨੇ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਕਾਂਸੀ ਮੈਡਲ ਜਿੱਤਿਆ (2013)
ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 2014 ਅਤੇ 2015 'ਚ ਗੋਲਡ ਮੈਡਲ।
ਖੇਲੋ ਇੰਡੀਆ ਕੰਪੀਟੀਸ਼ਨ 2016 'ਚ ਗੋਲਡ ਮੈਡਲ।

ਅੰਕਲ ਨਾਲ ਜਾਂਦੀ ਸੀ ਅਕੈਡਮੀ, ਉਥੇ ਹੀ ਪਹਿਨੇ ਸਨ ਗਲੱਬਜ਼

ਬਾਕਸਿੰਗ ਦਾ ਸ਼ੌਕ ਸੰਦੀਪ ਨੂੰ ਉਦੋਂ ਪਿਆ ਜਦੋਂ ਉਹ 8 ਸਾਲ ਦੀ ਉਮਰ ਵਿਚ ਆਪਣੇ ਅੰਕਲ ਸਿਮਰਨਜੀਤ ਸਿੰਘ ਨਾਲ ਹਸਨਪੁਰ ਪਿੰਡ ਵਿਚ ਸਥਿਤ ਬਾਕਸਿੰਗ ਅਕੈਡਮੀ ਵਿਚ ਜਾਣ ਲੱਗੀ। ਉਦੋਂ ਹੀ ਉਸ ਨੇ ਸੋਚ ਲਿਆ ਕਿ ਉਹ ਬਾਕਸਿੰਗ ਹੀ ਖੇਡੇਗੀ । ਬਾਕਸਿੰਗ ਦੀ ਸ਼ੁਰੂਆਤ ਵੀ ਹੋ ਗਈ ਪਰ ਆਟੋ-ਚਾਲਕ ਪਿਤਾ ਦੀ ਧੀ ਹੋਣ ਕਾਰਣ ਵਿੱਤੀ ਹਾਲਾਤ ਇੰਨੇ ਵਿਗੜ ਗਏ ਕਿ ਸੰਦੀਪ ਨੇ ਸੋਚ ਲਿਆ ਕਿ ਉਹ ਖੇਡ ਛੱਡ ਦੇਵੇ ਕਿਉਂਕਿ ਟ੍ਰੇਨਿੰਗ ਲਈ ਜ਼ਰੂਰੀ ਸਾਮਾਨ ਅਤੇ ਡਾਕਟਰ ਨਹੀਂ ਮਿਲ ਰਿਹਾ ਸੀ। ਇਸ ਟੀਨੇਜਰ ਬਾਕਸਰ ਦਾ ਕੈਲੀਬਰ ਅਤੇ ਉਪਲੱਬਧੀਆਂ ਦੇਖਦਿਆਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਨੇ ਉਸ ਦਾ ਹੱਥ ਫੜਿਆ ਅਤੇ ਉਸ ਨੂੰ ਸਮੁੱਚੀਆਂ ਸਹੂਲਤਾਂ ਮਿਲ ਰਹੀਆਂ ਹਨ।