ਪਰਥ ''ਚ ਹੋਣ ਵਾਲੀਆਂ ਆਸਟਰੇਲੀਅਨ ਸਿੱਖ ਖੇਡਾਂ 10 ਅਪ੍ਰੈਲ ਤੋਂ

01/29/2020 1:20:15 AM

ਜਲੰਧਰ (ਵਿਕਰਮ ਕੰਬੋਜ)- 33ਵੀਆਂ ਆਸਟਰੇਲੀਅਨ ਸਿੱਖ ਖੇਡਾਂ ਇਸ ਸਾਲ ਆਸਟਰੇਲੀਆ ਦੇ ਪਰਥ ਸ਼ਹਿਰ 'ਚ 10 ਤੋਂ 12 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ। 1988 'ਚ ਹਾਕੀ ਟੀਮਾਂ ਦੇ ਮੈਚ ਸ਼ੁਰੂ ਹੋਏ ਸਨ, ਇਨ੍ਹਾਂ ਖੇਡਾਂ ਨੇ ਹੁਣ ਵੱਡਾ ਰੂਪ ਲੈ ਲਿਆ ਹੈ। ਹੁਣ ਆਯੋਜਕਾਂ ਨੂੰ ਆਸਟਰੇਲੀਆ ਦੀ ਸਟੇਟ ਅਤੇ ਫ਼ੇਡਰਲ ਸਰਕਾਰ ਵਲੋਂ ਵੀ ਲੱਖਾਂ ਡਾਲਰ ਸਹਿਯੋਗ ਵਜੋਂ ਦਿੱਤੇ ਜਾ ਰਹੇ ਹਨ। ਇਨ੍ਹਾਂ ਖੇਡਾਂ 'ਚ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ ਦੀਆਂ ਟੀਮਾਂ ਵੀ ਹਿੱਸਾ ਲੈਂਦੀਆਂ ਹਨ।
ਜਲੰਧਰ ਪ੍ਰੈੱਸ ਕਲੱਬ 'ਚ ਖੇਡਾਂ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਆਸਟਰੇਲੀਅਨ ਸਿੱਖ ਗੇਮਜ਼ ਦੇ ਕਲਚਰਲ ਕੋ-ਆਰਡੀਨੇਟਰ ਮਨਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਸ ਵਾਰ ਪਿਛਲੇ ਸਾਲਾਂ ਨਾਲੋਂ ਵੀ ਵਧੀਆ ਤਰੀਕੇ ਨਾਲ ਖੇਡਾਂ ਦਾ ਆਯੋਜਨ ਕਰਵਾਇਆ ਜਾਵੇ। ਖੇਡਾਂ 'ਚ ਜੇਤੂ ਟੀਮਾਂ ਨੂੰ ਸ਼ੀਲਡ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ। ਖੇਡਾਂ ਦੀ ਸ਼ੁਰੂਆਤ ਗਿੱਧੇ-ਭੰਗੜੇ ਤੋਂ ਹੁੰਦੀ ਹੈ। ਖੇਡਾਂ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਖਾਣ-ਪੀਣ ਦਾ ਪ੍ਰਬੰਧ ਮੁਫ਼ਤ ਹੁੰਦਾ ਹੈ। ਦੂਰ-ਦੂਰ ਤੋਂ ਵੀ ਦਰਸ਼ਕ ਖੇਡਾਂ ਦਾ ਆਨੰਦ ਮਾਣਨ ਲਈ ਪਹੁੰਚਦੇ ਹਨ।
ਡਰੱਗ ਦਾ ਇਸਤੇਮਾਲ ਕਰਨ ਵਾਲੇ ਖਿਡਾਰੀ ਕੀਤੇ ਜਾਂਦੇ ਹਨ ਸਸਪੈਂਡ
ਆਸਟਰੇਲੀਅਨ ਸਿੱਖ ਖੇਡਾਂ 'ਚ ਖਿਡਾਰੀਆਂ ਅਤੇ ਟੀਮਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਕੇ ਖੇਡਾਂ 'ਚ ਹਿੱਸਾ ਨਾ ਲੈਣ। ਨਸ਼ਾ ਕਰ ਕੇ ਖੇਡਣ ਵਾਲਿਆਂ ਨੂੰ ਖੇਡਾਂ 'ਚੋਂ ਸਸਪੈਂਡ ਕਰ ਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਿਸ ਕਲੱਬ ਦੇ ਖਿਡਾਰੀ 'ਤੇ ਨਸ਼ਾ ਕਰਨ ਦਾ ਦੋਸ਼ ਹੋਵੇ ਉਸ ਕਲੱਬ 'ਤੇ ਵੀ ਜੁਰਮਾਨਾ ਲਾਇਆ ਜਾਂਦਾ ਹੈ, ਜਿਸ ਖਿਡਾਰੀ 'ਤੇ ਨਸ਼ਾ ਕਰ ਕੇ ਖੇਡਣ ਦਾ ਸ਼ੱਕ ਹੋਵੇ, ਉਸ ਦਾ ਯੂਰਿਨ ਟੈਸਟ ਕਰਵਾਇਆ ਜਾਂਦਾ ਹੈ। ਪਿਛਲੀਆਂ ਖੇਡਾਂ ਸਮੇਂ ਕਈ ਖਿਡਾਰੀ ਨਸ਼ਾ ਕਰ ਕੇ ਖੇਡਣ ਆਏ ਸਨ, ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸੀ।

Gurdeep Singh

This news is Content Editor Gurdeep Singh