ਕੋਹਲੀ ਦੀ ਸਲੇਜਿੰਗ ਕਰਨ ਤੋਂ ਡਰਦੇ ਹਨ ਆਸਟਰੇਲੀਆਈ ਖਿਡਾਰੀ : ਕਲਾਰਕ

04/08/2020 2:59:50 AM

ਮੈਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਆਸਟਰੇਲੀਆਈ ਟੀਮ ਨੂੰ ਲੈ ਕੇ ਵੱਡਾ ਤੇ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਆਈ. ਪੀ. ਐੱਲ. ਵਿਚ ਵਧੀਆ ਕਰਾਰ ਹਾਸਲ ਕਰਨ ਲਈ ਆਸਟਰੇਲੀਆਈ ਖਿਡਾਰੀ ਭਾਰਤੀ ਕਪਤਾਨ ਵਿਰਾਟ ਕੋਹਲੀ ਪ੍ਰਤੀ ਨਰਮ ਰਹਿੰਦੇ ਹਨ ਅਤੇ ਉਸ ਦੀ ਸਲੇਜਿੰਗ ਕਰਨ ਤੋਂ ਡਰਦੇ ਹਨ। ਕਲਾਰਕ ਨੇ ਕਿਹਾ ਕਿ, ''ਸਾਰੇ ਜਾਣਦੇ ਹਨ ਕਿ ਆਈ. ਪੀ. ਐੱਲ. ਨਾਲ ਕੌਮਾਂਤਰੀ ਜਾਂ ਘਰੇਲੂ ਪੱਧਰ 'ਤੇ ਖੇਡ ਦੇ ਵਿੱਤੀ ਹਿੱਸੇ ਵਜੋਂ ਭਾਰਤ ਬੇਹੱਦ ਸ਼ਕਤੀਸ਼ਾਲੀ ਹੈ। ਆਈ. ਪੀ. ਐੱਲ. ਤਾਂ ਵੈਸੇ ਵੀ ਬੇਸ਼ੁਮਾਰ ਪੈਸੇ ਨਾਲ ਭਰਪੂਰ ਹੈ, ਜਿੱਥੇ ਖਿਡਾਰੀਆਂ ਨੂੰ ਮੋਟੀ ਰਕਮ ਮਿਲਦੀ ਹੈ। ਮੈਨੂੰ ਲੱਗਦਾ ਹੈ ਕਿ ਆਸਟਰੇਲੀਆਈ ਕ੍ਰਿਕਟ ਜਾਂ ਫਿਰ ਵਿਸ਼ਵ ਦੀ ਕੋਈ ਹੋਰ ਟੀਮ ਭਾਰਤ ਖਿਲਾਫ ਬੇਹੱਦ ਨਰਮ ਹੋ ਗਈ ਹੈ। ਕੋਈ ਵੀ ਖਿਡਾਰੀ ਜਾਂ ਟੀਮ ਵਿਰਾਟ ਜਾਂ ਕਿਸੇ ਹੋਰ ਭਾਰਤੀ ਖਿਡਾਰੀ ਦੀ ਸਲੇਜਿੰਗ ਕਰਨ ਤੋਂ ਬਹੁਤ ਡਰਦੀ ਹੈ ਕਿਉਂਕਿ ਉਨ੍ਹਾਂ ਨੂੰ ਅਪ੍ਰੈਲ 'ਚ ਉਨ੍ਹਾਂ  (ਭਾਰਤ) ਨਾਲ ਹੀ ਆਈ. ਪੀ. ਐੱਲ. ਖੇਡਣਾ ਹੁੰਦਾ ਹੈ। ਆਸਟਰੇਲੀਆ ਨੂੰ ਭਾਰਤ ਕੋਲੋਂ  ਪਿਛਲੀ ਘਰੇਲੂ ਟੈਸਟ ਸੀਰੀਜ਼ ਵਿਚ ਪਹਿਲੀ ਵਾਰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸੀਰੀਜ਼ ਵਿਚ ਆਸਟਰੇਲੀਆਈ ਟੀਮ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਤੋਂ ਬਿਨਾਂ ਖੇਡੀ ਸੀ, ਜੋ ਗੇਂਦ ਨਾਲ ਛੇੜਛਾੜ ਕਾਰਣ ਇਕ ਸਾਲ ਦੀ ਪਾਬੰਦੀ ਝੱਲ ਰਹੇ ਸਨ। 


ਕਲਾਰਕ ਨੇ ਕਿਹਾ ਕਿ ਇਹ ਇਸ ਤਰ੍ਹਾਂ ਦਾ ਦੌਰ ਸੀ,  ਜਦੋਂ ਆਸਟਰੇਲੀਆਈ ਖਿਡਾਰੀ ਵਿਰਾਟ ਦੀ ਸਲੇਜਿੰਗ ਕਰਨ ਤੋਂ ਬਚ ਰਹੇ ਸਨ। ਸਾਬਕਾ ਕਪਤਾਨ ਕਲਾਰਕ ਨੇ ਕਿਹਾ ਕਿ ਖਿਡਾਰੀਆਂ ਨੇ ਇਕ ਤਰ੍ਹਾਂ ਨਾਲ ਵਿਰਾਟ ਦੀ ਸਲੇਜਿੰਗ ਕਰਨ ਤੋਂ ਮਨ੍ਹਾÎ ਕਰ ਦਿੱਤਾ ਸੀ ਕਿਉਂਕਿ ਉਹ ਸ਼ਾਇਦ ਬੇਂਗਲੂਰ ਦੀ ਟੀਮ ਵਿਚ ਸ਼ਾਮਲ ਹੋ ਕੇ 10 ਕਰੋੜ ਦੀ ਡੀਲ ਹਾਸਲ ਕਰਨੀ ਚਾਹੁੰਦੇ ਹਨ। ਮੇਰਾ ਮੰਨਣਾ ਹੈ ਕਿ ਇਕ ਸਮਾਂ ਅਜਿਹਾ ਸੀ, ਜਦੋਂ ਸਾਡੇ ਖਿਡਾਰੀ ਨਰਮ ਹੋ ਗਏ ਸਨ ਜਾਂ ਇੰਨੇ ਮਜ਼ਬੂਤ ਨਹੀਂ ਦਿਸੇ, ਜਿੰਨੇ ਆਮ ਤੌਰ 'ਤੇ ਦਿਸਦੇ ਹਨ।

Gurdeep Singh

This news is Content Editor Gurdeep Singh