ਆਸਟਰੇਲੀਅਨ ਓਪਨ : ਜੋਕੋਵਿਚ ਦੀ ਬਾਦਸ਼ਾਹਤ ਬਰਕਰਾਰ, ਜਿੱਤਿਆ 9ਵੀਂ ਵਾਰ ਤਾਜ

02/21/2021 8:24:42 PM

ਮੈਲਬੋਰਨ– ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਮੈਲਬੋਰਨ ਪਾਰਕ ਵਿਚ ਆਪਣੀ ਸ੍ਰੇਸ਼ਠਤਾ ਇਕ ਵਾਰ ਫਿਰ ਸਾਬਤ ਕਰਦੇ ਹੋਏ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਐਤਵਾਰ ਨੂੰ ਲਗਾਤਾਰ ਸੈੱਟਾਂ ਵਿਚ 7-5, 6-2, 6-2 ਨਾਲ ਹਰਾ ਕੇ ਰਿਕਾਰਡ 9ਵੀਂ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਟਾਪ ਸੀਡ ਤੇ ਪਿਛਲੀ ਦੋ ਵਾਰ ਦੇ ਜੇਤੂ ਜੋਕੋਵਿਚ ਨੇ ਚੌਥੀ ਸੀਡ ਮੇਦਵੇਦੇਵ ਨੂੰ ਇਕ ਘੰਟਾ 53 ਮਿੰਟ ਵਿਚ ਹਰਾ ਕੇ ਖਿਤਾਬੀ ਹੈਟ੍ਰਿਕ ਪੂਰੀ ਕੀਤੀ ਤੇ 9ਵੀਂ ਵਾਰ ਇਹ ਖਿਤਾਬ ਆਪਣੇ ਨਾਂ ਕੀਤਾ। ਜੋਕੋਵਿਚ ਨੇ ਜਿੱਤ ਹਾਸਲ ਕਰਦੇ ਹੀ ਜੇਤੂ ਹੁੰਕਾਰ ਦੇ ਨਾਲ ਇਸ ਦਾ ਜਸ਼ਨ ਮਨਾਇਆ।

ਇਹ ਖ਼ਬਰ ਪੜ੍ਹੋ- ਪੂਰਬੀ ਲੱਦਾਖ 'ਚ ਭਾਰਤ ਤੇ ਚੀਨ ਦੀ ਫ਼ੌਜ ਦੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ : ਰਾਜਨਾਥ ਸਿੰਘ


ਜੋਕੋਵਿਚ ਦਾ ਇਹ 18ਵਾਂ ਗ੍ਰੈਂਡ ਸਲੈਮ ਖਿਤਾਬ ਹੈ ਤੇ ਉਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਤੋਂ ਦੋ ਖਿਤਾਬ ਪਿੱਛੇ ਰਹਿ ਗਿਆ ਹੈ। ਜੋਕੋਵਿਚ ਇਸ ਦੇ ਨਾਲ ਹੀ ਇਕ ਗ੍ਰੈਂਡ ਸਲੈਮ ਨੂੰ 9 ਵਾਰ ਜਿੱਤਣ ਵਾਲੇ ਨਡਾਲ ਤੋਂ ਬਾਅਦ ਦੂਜਾ ਖਿਡਾਰੀ ਬਣ ਗਿਆ ਹੈ। ਨਡਾਲ ਨੇ ਫ੍ਰੈਂਚ ਓਪਨ ਨੂੰ 13 ਵਾਰ ਜਿੱਤਿਆ ਹੈ। ਜੋਕੋਵਿਚ ਨੇ 2008, 2011, 2012, 2013, 2015, 2016, 2019, 2020, 2021 ਵਿਚ ਖਿਤਾਬ ਜਿੱਤਿਆ। ਉਸ ਨੇ ਇਸ ਤੋਂ ਇਲਾਵਾ 1 ਵਾਰ ਫ੍ਰੈਂਚ ਓਪਨ, 5 ਵਾਰ ਵਿੰਬਲਡਨ ਤੇ 3 ਵਾਰ ਯੂ. ਐੱਸ. ਓਪਨ ਦਾ ਖਿਤਾਬ ਜਿੱਤਿਆ।


ਜੋਕੋਵਿਚ ਨੇ ਰੋਡ ਲੇਵਰ ਏਰੇਨਾ ਵਿਚ ਇਸ ਜਿੱਤ ਦੇ ਨਾਲ ਮੇਦਵੇਦੇਵ ਦਾ 20 ਮੈਚਾਂ ਦਾ ਅਜੇਤੂ ਕ੍ਰਮ ਰੋਕ ਦਿੱਤਾ। 33 ਸਾਲਾ ਸਰਬੀਆਈ ਖਿਡਾਰੀ ਨੇ ਇਸ ਜਿੱਤ ਨਾਲ ਰੂਸੀ ਖਿਡਾਰੀ ਤੋਂ ਪਿਛਲੇ ਸਾਲ ਨਵੰਬਰ ਵਿਚ ਏ. ਟੀ. ਪੀ. ਫਾਈਨਲਸ ਵਿਚ ਮਿਲੀ 6-3, 6-3 ਦੀ ਹਾਰ ਦਾ ਬਦਲਾ ਵੀ ਲੈ ਲਿਆ ਤੇ ਮੇਦਵੇਦੇਵ ਵਿਰੁੱਧ ਆਪਣਾ ਕਰੀਅਰ ਰਿਕਾਰਡ 5-3 ਪਹੁੰਚਾ ਦਿੱਤਾ। ਮੇਦਵੇਦੇਵ ਨੇ ਮੈਚ ਤੋਂ ਬਾਅਦ ਜੋਕੋਵਿਚ ਤੇ ਉਸਦੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ 9 ਆਸਟਰੇਲੀਅਨ ਓਪਨ ਤੇ 18 ਗ੍ਰੈਂਡ ਸਲੈਮ ਜਿੱਤਣਾ ਵੱਡੀ ਉਪਲਬੱਧੀ ਹੈ ਤੇ ਉਮੀਦ ਕਰਦਾ ਹਾਂ ਕਿ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।


ਮੇਦਵੇਦੇਵ ਦਾ ਇਸ ਹਾਰ ਦੇ ਨਾਲ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਮੌਜੂਦਾ ਏ. ਟੀ. ਪੀ. ਫਾਈਨਲਸ ਚੈਂਪੀਅਨ ਮੇਦਵੇਦੇਵ ਆਪਣੇ ਦੋਵੇਂ ਗ੍ਰੈਂਡ ਸਲੈਮ ਫਾਈਨਲ ਵਿਚ ਉਪ ਜੇਤੂ ਰਿਹਾ। ਉਹ 2019 ਦੇ ਯੂ. ਐੱਸ. ਓਪਨ ਵਿਚ ਨਡਾਲ ਤੋਂ 4 ਘੰਟੇ 51 ਮਿੰਟ ਤਕ ਚੱਲੇ ਮੈਰਾਥਾਨ ਫਾਈਨਲ ਵਿਚ ਹਾਰਿਆ ਸੀ। ਮੇਦਵੇਦੇਵ ਇਸ ਹਾਰ ਤੋਂ ਬਾਅਦ ਸੋਮਵਾਰ ਨੂੰ ਜਾਰੀ ਹੋਣ ਵਾਲੀ ਏ. ਟੀ. ਪੀ. ਰੈਂਕਿੰਗ ਵਿਚ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਪਛਾੜ ਕੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਤੀਜੀ ਰੈਂਕਿੰਗ ’ਤੇ ਪਹੁੰਚ ਜਾਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh