ਆਸਟਰੇਲੀਆ-ਨਿਊਜ਼ੀਲੈਂਡ ਨੂੰ ਮਿਲੀ 2023 ਫੀਫਾ ਮਹਿਲਾ ਵਿਸ਼ਵ ਕੱਪ ਦੀ ਸੰਯੁਕਤ ਮੇਜ਼ਬਾਨੀ

06/26/2020 1:29:58 AM

ਨਵੀਂ ਦਿੱਲੀ- 2023 'ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਫੁੱਟਬਾਲ ਦੇ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਨੂੰ ਸੰਯੁਕਤ ਮੇਜ਼ਬਾਨੀ ਮਿਲੀ ਹੈ। ਵਿਸ਼ਵ ਫੁੱਟਬਾਲ ਦੀ ਸਭ ਤੋਂ ਵੱਡੀ ਸੰਸਥਾ ਫੀਫਾ ਨੇ ਵੀਰਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ। ਫੀਫਾ ਨੇ ਕਿਹਾ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਫੁੱਟਬਾਲ ਫੈਡਰੇਸ਼ਨ ਨੂੰ 35 ਵੋਟਾਂ 'ਚੋਂ 22 ਵੋਟਾਂ ਹਾਸਲ ਹੋਈਆਂ, ਜਿਸ ਨਾਲ ਉਹ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਲੈਣ 'ਚ ਸਫਲ ਹੋ ਸਕੇ। ਇਸ ਤੋਂ ਇਲਾਵਾ ਕੋਲੰਬੀਅਨ ਫੁੱਟਬਾਲ ਐਸੋਸੀਏਸ਼ਨ ਨੂੰ ਇਸ ਦੌਰਾਨ 13 ਵੋਟਾਂ ਹਾਸਲ ਹੋਈਆਂ।


ਇਸ ਤੋਂ ਪਹਿਲਾਂ ਐੱਫ. ਸੀ. ਦੇ ਪ੍ਰਧਾਨ ਸ਼ੇਖ ਸਲਮਾਨ ਬਿਨ ਇਬਰਾਹਿਮ ਅਲ ਖਲੀਫਾ ਨੇ ਜਾਪਾਨ ਦੇ ਹਟਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਏਸ਼ੀਆਈ ਮੈਂਬਰਾਂ ਨਾਲ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਹੱਕ 'ਚ ਵੋਟ ਕਰਨ ਦੀ ਅਪੀਲ ਕੀਤੀ ਸੀ। ਆਸਟਰੇਲੀਆ-ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਕਦੇ ਮਹਿਲਾ ਵਿਸ਼ਵ ਕੱਪ ਦੀ ਮੇਜਬਾਨੀ ਨਹੀਂ ਕੀਤੀ ਹੈ। ਇਹ ਪਹਿਲਾ ਮੌਕਾ ਹੋਵੇਗਾ ਕਿ ਜਦੋਂ ਦੋ ਕਨਫੈਡਰੇਸ਼ਨ ਮਿਲ ਕੇ ਵਿਸ਼ਵ ਕੱਪ ਦਾ ਆਯੋਜਨ ਕਰਨਗੇ। ਦੱਸ ਦੇਈਏ ਕਿ ਨਿਊਜ਼ੀਲੈਂਡ ਓਸਿਆਨਾ ਫੁੱਟਬਾਲ ਕਨਫੈਡਰੇਸ਼ਨ ਦਾ ਮੈਂਬਰ ਹੈ ਤੇ ਫੀਫਾ ਪ੍ਰੀਸ਼ਦ 'ਚ ਉਸਦੇ ਤਿੰਨ ਮੈਂਬਰ ਹਨ। ਟੂਰਨਾਮੈਂਟ 10 ਜੁਲਾਈ ਤੋਂ 20 ਅਗਸਤ 2023 ਦੇ ਵਿਚ ਖੇਡਿਆ ਜਾਵੇਗਾ ਤੇ ਇਸ 'ਚ 24 ਦੇ ਬਜਾਏ 32 ਟੀਮਾਂ ਹਿੱਸਾ ਲੈਣਗੀਆਂ।

Gurdeep Singh

This news is Content Editor Gurdeep Singh