ਆਸਟ੍ਰੇਲੀਆ ਜਿੱਤ ਤੋਂ 156 ਦੌੜਾਂ ਦੂਰ

08/30/2017 1:30:49 AM

ਢਾਕਾ— ਨਾਥਨ ਲਿਓਨ (82 ਦੌੜਾਂ 'ਤੇ 6 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਤੋਂ ਬਾਅਦ ਓਪਨਰ ਡੇਵਿਡ ਵਾਰਨਰ (ਅਜੇਤੂ 75) ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਲੜਖੜਾਉਣ ਤੋਂ ਬਾਅਦ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਮੈਚ ਵਿਚ ਆਪਣੀ ਸਥਿਤੀ ਨੂੰ ਕੰਟਰੋਲ ਕਰ ਲਿਆ ਤੇ ਹੁਣ ਮਹਿਮਾਨ ਟੀਮ 8 ਵਿਕਟਾਂ ਬਾਕੀ ਰਹਿੰਦਿਆਂ ਜਿੱਤ ਤੋਂ 156 ਦੌੜਾਂ ਦੂਰ ਹੈ। ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਮੰਗਲਵਾਰ ਬੰਗਲਾਦੇਸ਼ ਦੀ ਦੂਜੀ ਪਾਰੀ 79.3 ਓਵਰਾਂ ਵਿਚ 221 ਦੌੜਾਂ 'ਤੇ ਸਮੇਟ ਦਿੱਤੀ ਸੀ। ਹਾਲਾਂਕਿ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ਵਿਚ ਮੇਜ਼ਬਾਨ ਟੀਮ ਨੇ ਆਪਣੀ ਕੁਲ ਬੜ੍ਹਤ ਨੂੰ 264 ਦੌੜਾਂ 'ਤੇ ਪਹੁੰਚਾ ਦਿੱਤਾ ਤੇ ਆਸਟ੍ਰੇਲੀਆਈ ਟੀਮ ਨੂੰ ਦੂਜੀ ਪਾਰੀ 'ਚ ਜਿੱਤ ਲਈ 265 ਦੌੜਾਂ ਦਾ ਚੁਣੌਤੀਪੂਰਨ ਟੀਚਾ ਦੇ ਦਿੱਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਮਹਿਮਾਨ ਟੀਮ ਨੇ ਫਿਰ ਧੀਰਜ ਨਾਲ ਬੱਲੇਬਾਜ਼ੀ ਕਰਦਿਆਂ ਦੂਜੀ ਪਾਰੀ ਵਿਚ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 30 ਓਵਰਾਂ 'ਚ ਦੋ ਵਿਕਟਾਂ 'ਤੇ 109 ਦੌੜਾਂ ਬਣਾ ਲਈਆਂ। ਓਪਨਰ ਵਾਰਨਰ 96 ਗੇਂਦਾਂ ਵਿਚ 11 ਚੌਕੇ ਤੇ ਇਕ ਛੱਕਾ ਲਾ ਕੇ 75 ਦੌੜਾਂ 'ਤੇ ਅਜੇਤੂ ਹੈ, ਜਦਕਿ ਕਪਤਾਨ ਸਟੀਵ ਸਮਿਥ 25 ਦੌੜਾਂ 'ਤੇ ਅਜੇਤੂ ਹੈ। 
ਇਸ ਤੋਂ ਪਹਿਲਾਂ ਸਵੇਰੇ ਬੰਗਲਾਦੇਸ਼ ਦੀ ਪਾਰੀ 'ਚ ਓਪਨਰ ਤਮੀਮ ਇਕਬਾਲ ਨੇ ਸਭ ਤੋਂ ਵੱਧ 78 ਦੌੜਾਂ ਦੀ ਪਾਰੀ ਖੇਡੀ। ਤਮੀਮ ਨੇ 155 ਗੇਂਦਾਂ 'ਚ 8 ਚੌਕੇ ਲਾਏ। ਕਪਤਾਨ ਮੁਸ਼ਫਿਕਰ ਰਹੀਮ ਨੇ 41 ਦੌੜਾਂ ਦੀ ਦੂਜੀ ਅਹਿਮ ਪਾਰੀ ਖੇਡੀ। ਆਸਟ੍ਰੇਲੀਆ ਵਲੋਂ ਆਫ ਸਪਿਨਰ ਨਾਥਨ ਲਿਓਨ ਨੇ ਕਮਾਲ ਦੀ ਗੇਂਦਬਾਜ਼ੀ ਕਰਦਿਆਂ 82 ਦੌੜਾਂ 'ਤੇ ਸਭ ਤੋਂ ਵੱਧ 6 ਵਿਕਟਾਂ ਕੱਢੀਆਂ ਤੇ ਮੈਚ ਵਿਚ ਆਪਣੀਆਂ 9 ਵਿਕਟਾਂ ਪੂਰੀਆਂ ਕੀਤੀਆਂ।