ਜ਼ਖ਼ਮੀ ਖਿਡਾਰੀਆਂ ਨਾਲ ਆਸਟਰੇਲੀਆ ਨੂੰ ਨੁਕਸਾਨ : ਪੋਂਟਿੰਗ

07/09/2019 11:58:03 PM

ਲੰਡਨ— ਆਸਟਰੇਲੀਆ ਕ੍ਰਿਕਟ ਟੀਮ ਦੇ ਸਹਿ-ਕੋਚ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਟੀਮ ਦੀ ਆਖਰੀ ਗਰੁੱਪ ਮੈਚ ਵਿਚ ਹਾਰ ਤੇ ਖਿਡਾਰੀਆਂ ਦੀਆਂ ਸੱਟਾਂ ਕਾਰਣ ਉਸ ਨੂੰ ਇੰਗਲੈਂਡ ਵਿਰੁੱਧ ਆਪਣੇ ਸੈਮੀਫਾਈਨਲ ਮੁਕਾਬਲੇ ਵਿਚ ਨੁਕਸਾਨ ਚੁੱਕਣਾ ਪੈ ਸਕਦਾ ਹੈ। ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਆਪਣੇ ਆਖਰੀ ਗਰੁੱਪ ਮੈਚ ਵਿਚ ਦੱਖਣੀ ਅਫਰੀਕਾ ਹੱਥੋਂ ਹਾਰ ਝੱਲਣੀ ਪਈ ਸੀ, ਜਿਸ ਕਾਰਣ ਉਹ ਅੰਕ ਸੂਚੀ ਵਿਚ ਹੇਠਾਂ ਖਿਸਕ ਕੇ ਦੂਜੇ ਨੰਬਰ 'ਤੇ ਆ ਗਈ ਸੀ ਤੇ ਭਾਰਤੀ ਟੀਮ ਚੋਟੀ 'ਤੇ ਪਹੁੰਚ ਗਈ ਸੀ। ਉਥੇ ਹੀ ਟੀਮ ਦੇ ਖਿਡਾਰੀਆਂ ਉਸਮਾਨ ਖਵਾਜਾ ਤੇ ਮਾਰਕਸ ਸਟੋਇੰਸ ਨੂੰ ਸੱਟ ਲੱਗ ਗਈ, ਜਿਸ ਨਾਲ ਉਨ੍ਹਾਂ ਦੀ ਜਗ੍ਹਾ ਟੀਮ ਵਿਚ ਮੈਥਿਊ ਵੇਡ ਤੇ ਮਿਸ਼ੇਲ ਮਾਰਸ਼ ਨੂੰ ਆਸਟਰੇਲੀਆ-ਏ ਦੌਰੇ ਤੋਂ ਜ਼ਖ਼ਮੀ ਖਿਡਾਰੀਆਂ ਦੇ ਕਵਰ ਦੇ ਤੌਰ 'ਤੇ ਬੁਲਾਇਆ ਗਿਆ ਹੈ।
ਸ਼ਾਨ ਮਾਰਸ਼ ਨੈੱਟ ਸੈਸ਼ਨ ਵਿਚ ਜ਼ਖ਼ਮੀ ਹੋ ਕੇ ਪਹਿਲਾਂ ਹੀ ਟੀਮ ਵਿਚੋਂ ਬਾਹਰ ਹੋ ਚੁੱਕਾ ਹੈ। ਸਾਬਕਾ ਚੈਂਪੀਅਨ ਆਸਟਰੇਲੀਆ ਨੇ ਵੀਰਵਾਰ  ਮੇਜ਼ਬਾਨ ਇੰਗਲੈਂਡ ਨਾਲ ਦੂਜੇ ਸੈਮੀਫਾਈਨਲ ਵਿਚ ਭਿੜਨਾ ਹੈ ਤੇ ਇਸ ਤੋਂ ਪਹਿਲਾਂ ਖਿਡਾਰੀਆਂ ਦੀਆਂ ਸੱਟਾਂ ਨੇ ਉਸ ਦੀ ਸਿਰਦਰਦੀ ਵਧਾ ਦਿੱਤੀ ਹੈ। ਟੀਮ ਦੇ ਸਹਿ-ਕੋਚ ਪੋਂਟਿੰਗ ਨੇ ਮੌਜੂਦਾ ਸਥਿਤੀ 'ਤੇ ਨਿਰਾਸ਼ਾ ਜਤਾਉਂਦਿਆਂ ਕਿਹਾ, ''ਵਿਸ਼ਵ ਕੱਪ ਵਿਚ ਅਜਿਹਾ ਹੋਣਾ ਨਵੀਂ ਗੱਲ ਨਹੀਂ ਹੈ ਪਰ ਸੈਮੀਫਾਈਨਲ ਤੋਂ ਠੀਕ ਪਹਿਲਾਂ ਆਖਰੀ ਗਰੁੱਪ ਮੈਚ ਵਿਚ ਇਹ ਹੋਣਾ ਵੱਖਰਾ ਹੈ। ਜੇਕਰ ਸੱਚ ਕਹਾਂ ਤਾਂ ਇਹ ਚੰਗੀ ਸਥਿਤੀ ਨਹੀਂ ਹੈ, ਖਾਸ ਤੌਰ 'ਤੇ ਤੁਸੀਂ ਇੰਨੇ ਬਦਲਾਂ ਨਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਨਹੀਂ ਉੱਤਰਨਾ ਚਾਹੁੰਦੇ।''

Gurdeep Singh

This news is Content Editor Gurdeep Singh