ਕ੍ਰਿਕਟ ਨੂੰ ਓਲੰਪਿਕ ’ਚ ਦੇਖਣਾ ਚਾਹੁੰਦੀ ਹੈ ਆਸਟ੍ਰੇਲੀਆ ਦੀ ਕਪਤਾਨ ਲਾਨਿੰਗ

07/15/2022 11:36:39 AM

ਮੈਲਬੌਰਨ (ਭਾਸ਼ਾ)- ਆਸਟਰੇਲੀਆਈ ਮਹਿਲਾ ਟੀਮ ਦੀ ਕਪਤਾਨ ਮੈਗ ਲਾਨਿੰਗ ਨੂੰ ਆਸ ਹੈ ਕਿ ਰਾਸ਼ਟਰਮੰਡਲ ਖੇਡਾਂ ’ਚ ਕ੍ਰਿਕਟ ਨੂੰ ਸ਼ਾਮਲ ਕਰਨ ਨਾਲ ਓਲੰਪਿਕ ’ਚ ਇਸ ਦਾ ਰਾਹ ਪੱਧਰਾ ਹੋ ਜਾਵੇਗਾ। ਬਰਮਿੰਘਮ ’ਚ 28 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਰਾਸ਼ਟਰ ਮੰਡਲ ਖੇਡਾਂ ’ਚ 1998 ਤੋਂ ਬਾਅਦ ਪਹਿਲੀ ਵਾਰ ਕ੍ਰਿਕਟ ਦੀ ਵਾਪਸੀ ਹੋ ਰਹੀ ਹੈ। ਆਸਟਰੇਲੀਆਈ ਪੁਰਸ਼ ਟੀਮ ਨੇ 1998 ਦੀਆਂ ਰਾਸ਼ਟਰ ਮੰਡਲ ਖੇਡਾਂ ’ਚ ਕ੍ਰਿਕਟ ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਲਾਨਿੰਗ ਨੇ ਕਿਹਾ, ‘‘ਓਲੰਪਿਕ ’ਚ ਕ੍ਰਿਕਟ ਸ਼ਾਨਦਾਰ ਰਹੇਗੀ। ਗੇਮ ਨੂੰ ਵੀ ਨਵੇਂ ਦਰਸ਼ਕ ਮਿਲਣਗੇ। ਇਸ ਨਾਲ ਦੁਨੀਆ ਭਰ ਦੇ ਲੋਕ ਕ੍ਰਿਕਟ ਦੇਖਣਗੇ ਤੇ ਉੱਥੇ ਕ੍ਰਿਕੇਟ ਦੀ ਲੋਕਪ੍ਰਿਯਤਾ, ਖਾਸਕਰ ਮਹਿਲਾ ਕ੍ਰਿਕਟ ਦੀ ਲੋਕਪ੍ਰਿਯਤਾ ’ਚ ਵਾਧਾ ਹੋਵੇਗਾ।”

ਓਲੰਪਿਕ ਖੇਡਾਂ 2024 ’ਚ ਪੈਰਿਸ, 2028 ’ਚ ਲਾਸ ਏਂਜਲਸ ਤੇ 2032 ’ਚ ਬ੍ਰਿਸਬੇਨ ’ਚ ਹੋਣੀਆਂ ਹਨ। ਲਾਨਿੰਗ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਕ੍ਰਿਕਟ ਨੂੰ ਓਲੰਪਿਕ 'ਚ ਸ਼ਾਮਲ ਕਰਨ ਲਈ ਕੀ ਮਾਪਦੰਡ ਹਨ ਪਰ ਖਿਡਾਰੀਆਂ ਦੇ ਨਜ਼ਰੀਏ ਤੋਂ ਇਹ ਸ਼ਾਨਦਾਰ ਹੋਵੇਗਾ। ਹੋ ਸਕਦਾ ਹੈ ਕਿ ਭਵਿੱਖ ’ਚ ਅਜਿਹਾ ਹੋਵੇਗਾ ਪਰ ਉਸ ਸਮੇਂ ਮੈਂ ਸ਼ਾਇਦ ਖੇਡ ਨੂੰ ਅਲਵਿਦਾ ਕਹਿ ਦਿੱਤਾ ਹੋਵੇਗਾ। ਰਾਸ਼ਟਰ ਮੰਡਲ ਖੇਡਾਂ ’ਚ 10 ਦਿਨਾਂ ਮਹਿਲਾ ਟੀ-20 ਟੂਰਨਾਮੈਂਟ ’ਚ 8 ਟੀਮਾਂ ਹਿੱਸਾ ਲੈਣਗੀਆਂ ਅਤੇ ਲਾਨਿੰਗ ਦੀਆਂ ਨਜ਼ਰਾਂ ਸੋਨ ਤਮਗੇ ’ਤੇ ਹਨ। ਉਨ੍ਹਾਂ ਕਿਹਾ,‘‘ਅਸੀਂ ਸੋਨ ਤਮਗਾ ਜਿੱਤਣਾ ਚਾਹਾਂਗੇ। ਸਾਰੇ ਖਿਡਾਰੀ ਬਹੁਤ ਉਤਸ਼ਾਹਿਤ ਹਨ। ਇਹ ਇਕ ਨਵੀਂ ਚੁਣੌਤੀ ਹੈ ਤੇ ਸਾਡੀ ਟੀਮ ਲਈ ਸਹੀ ਸਮੇਂ ’ਤੇ ਆਈ ਹੈ।’’ ਲਾਨਿੰਗ ਦੀ ਕਪਤਾਨੀ ’ਚ ਆਸਟ੍ਰੇਲੀਆ ਨੇ ਮਹਿਲਾ ਵਿਸ਼ਵ ਕੱਪ ਜਿੱਤਿਆ ਸੀ।
 

cherry

This news is Content Editor cherry