ਆਸਟਰੇਲੀਆ ਦਾ ਘਰੇਲੂ ਟੂਰਨਾਮੈਂਟ ਸ਼ੈਫੀਲਡ ਸ਼ੀਲਡ ਰੱਦ

03/16/2020 12:16:03 AM

ਮੈਲਬੋਰਨ— ਆਸਟਰੇਲੀਆ ਦੀ ਘਰੇਲੂ ਪਹਿਲੀ ਸ਼੍ਰੇਣੀ ਪ੍ਰਤੀਯੋਗਿਤਾ ਸ਼ੈਫੀਲਡ ਸ਼ੀਲਡ ਨੂੰ ਕੋਰੋਨਾ ਵਾਇਰਸ ਦੇ ਖਤਰੇ ਕਾਰਣ ਰੱਦ ਕਰ ਦਿੱਤਾ ਗਿਆ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਸ਼ੈਫੀਲਡ ਸ਼ੀਲਡ ਨੂੰ ਰੱਦ ਕੀਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਐਤਵਾਰ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਨਿਯਮਿਤ ਸੈਸ਼ਨ ਦੇ ਆਖਰੀ ਰਾਊਂਡ ਨੂੰ ਰੱਦ ਕਰ ਦਿੱਤਾ ਗਿਆ ਹੈ। ਖਿਡਾਰੀਆਂ ਨੂੰ ਸ਼ਨੀਵਾਰ ਰਾਤ ਹੀ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ। ਵੋਲੋਂਗੋਂਗ ਵਿਚ ਨਿਊ ਸਾਊਥ ਵੇਲਸ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਫਾਈਨਲ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਦੇ ਆਯੋਜਨ ਨੂੰ ਲੈ ਕੇ ਨਵੀਂ ਜਾਣਕਾਰੀ ਬਾਅਦ 'ਚ ਦਿੱਤੀ ਜਾਵੇਗੀ।
ਸ਼ੈਫੀਲਡ ਸ਼ੀਲਡ ਦੇ 10 'ਚੋਂ 9 ਰਾਊਂਡ ਪੂਰੇ ਹੋ ਚੁੱਕੇ ਹਨ ਤੇ ਨਿਊ ਸਾਊਥ ਵੇਲਸ ਪਹਿਲੇ ਤੇ ਵਿਕਟੋਰੀਆ ਦੂਜੇ ਸਥਾਨ 'ਤੇ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਨਿਊ ਸਾਊਥ ਵੇਲਸ ਨੂੰ ਚੋਟੀ ਦੀ ਟੀਮ ਹੋਣ ਲਈ ਟਰਾਫੀ ਪ੍ਰਦਾਨ ਕੀਤੀ ਜਾਵੇਗੀ ਜਾਂ ਨਹੀਂ ਕਿਉਂਕਿ ਅਜੇ ਜੇਤੂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਸ਼ੈਫੀਲਡ ਸ਼ੀਲਡ ਦਾ 1892 ਤੋਂ ਹਰ ਸੈਸ਼ਨ ਵਿਚ ਆਯੋਜਨ ਹੁੰਦਾ ਰਿਹਾ ਹੈ ਤੇ ਇਸ ਨੂੰ ਸਿਰਫ 1915 ਤੋਂ 1919 ਤਕ ਪਹਿਲੇ ਵਿਸ਼ਵ ਯੁੱਧ ਅਤੇ 1940 ਤੋਂ 1946 ਤਕ ਦੂਜੇ ਵਿਸ਼ਵ ਯੁੱਧ ਦੇ ਸਮੇਂ ਹੀ ਰੋਕਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਸ਼ੁੱਕਰਵਾਰ ਨੂੰ ਸਿਡਨੀ ਵਿਚ ਪਹਿਲਾ ਵਨ ਡੇ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ ਸੀ, ਜਿਸ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਨੇ ਸੀਰੀਜ਼ ਦੇ ਦੋ ਮੈਚਾਂ ਨੂੰ ਹੀ ਰੱਦ ਕਰ ਦਿੱਤਾ ਸੀ। ਨਿਊਜ਼ੀਲੈਂਡ ਸਰਕਾਰ ਨੇ ਆਪਣੀ ਟੀਮ ਨੂੰ ਵਾਪਸ ਬੁਲਾ ਲਿਆ ਸੀ।

Gurdeep Singh

This news is Content Editor Gurdeep Singh