AUS vs ENG : ਕਪਤਾਨ ਜੋ ਰੂਟ ਨੇ ਸੰਭਾਲਿਆ ਮੋਰਚਾ

08/24/2019 9:23:13 PM

ਲੀਡਸ— ਕਪਤਾਨ ਜੋ ਰੂਟ (ਅਜੇਤੂ 75) ਤੇ ਜੋ ਡੈਨਲੀ (50) ਦੀ ਸੰਘਰਸ਼ਪੂਰਨ ਬੱਲੇਬਾਜ਼ੀ ਨਾਲ ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਆਸਟਰੇਲੀਆ ਵਿਰੁੱਧ 72 ਓਵਰਾਂ ਵਿਚ 3 ਵਿਕਟਾਂ ਗੁਆ ਕੇ 156 ਦੌੜਾਂ ਬਣਾ ਕੇ ਟੀਮ ਨੂੰ ਮੈਚ ਵਿਚ ਬਰਕਰਾਰ ਰੱਖਿਆ ਹੈ।  ਲੰਚ ਤੋਂ ਬਾਅਦ ਦੂਜੇ ਸੈਸ਼ਨ ਵਿਚ ਆਸਟਰੇਲੀਆ ਨੇ 4 ਗੇਂਦਾਂ ਦੇ ਅੰਦਰ ਇੰਗਲੈਂਡ ਦੇ ਦੋਵੇਂ ਸਲਾਮੀ  ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਲਈਆਂ ਤੇ ਇੰਗਲੈਂਡ ਦਾ ਸਕੋਰ ਇਕ ਸਮੇਂ 2 ਵਿਕਟਾਂ 'ਤੇ 15 ਦੌੜਾਂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਟੀਮ ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ ਵਿਚ ਵੀ ਲੜਖੜਾ ਜਾਵੇਗੀ ਪਰ ਰੂਟ ਤੇ ਡੈਨਲੀ ਨੇ ਤੀਜੀ ਵਿਕਟ ਲਈ 126 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵਾਪਸੀ ਦਿਵਾ ਦਿੱਤੀ। 
ਇਸ ਤੋਂ ਪਹਿਲਾਂ ਮਾਰਕਸ ਲਾਬੂਸ਼ੇਨ ਦੀ 80 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਆਸਟਰੇਲੀਆ ਨੇ ਆਪਣੀ ਦੂਜੀ ਪਾਰੀ 'ਚ 246 ਦੌੜਾਂ ਬਣਾ ਕੇ ਇੰਗਲੈਂਡ ਸਾਹਮਣੇ ਤੀਜੇ ਏਸ਼ੇਜ਼ ਟੈਸਟ 'ਚ ਜਿੱਤ ਲਈ 359 ਦੌੜਾਂ ਦਾ ਮੁਸ਼ਕਿਲ ਟੀਚਾ ਰੱਖ ਦਿੱਤਾ।
ਆਸਟਰੇਲੀਆ ਨੇ ਤੀਜੇ ਦਿਨ ਸ਼ਨੀਵਾਰ 6 ਵਿਕਟਾਂ 'ਤੇ 171 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਦੂਜੀ ਪਾਰੀ ਲੰਚ ਤੋਂ ਕੁਝ ਸਮਾਂ ਪਹਿਲਾਂ ਖਤਮ ਹੋ ਗਈ। ਇੰਗਲੈਂਡ ਵਲੋਂ ਜੋਫ੍ਰਾ ਆਰਚਰ ਨੇ 40 ਦੌੜਾਂ 'ਤੇ 2 ਵਿਕਟਾਂ ਲੈ ਕੇ ਮੈਚ ਵਿਚ 8 ਵਿਕਟਾਂ ਪੂਰੀਆਂ ਕੀਤੀਆਂ। ਸਟੂਅਰਟ ਬ੍ਰਾਡ ਨੇ 52 ਦੌੜਾਂ 'ਤੇ 2 ਵਿਕਟਾਂ ਤੇ ਬੇਨ ਸਟੋਕਸ ਨੇ 56 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ।  

Gurdeep Singh

This news is Content Editor Gurdeep Singh