ਅੰਡਰ-19 ਵਿਸ਼ਵ ਕੱਪ ਨੂੰ ਵਿਰਾਟ ਬਣਾਉਣ ਦਾ ਸਿਹਰਾ : ਕੋਹਲੀ

01/01/2020 10:24:18 PM

ਨਵੀਂ ਦਿੱਲੀ— ਦੁਨੀਆ ਦੇ ਨੰਬਰ-1 ਟੈਸਟ ਬੱਲੇਬਾਜ਼ ਵਿਰਾਟ ਕੋਹਲੀ ਨੇ ਅਸਮਾਨੀ ਉੁੱਚਾਈਆਂ 'ਤੇ ਪਹੁੰਚਣ ਦਾ ਸਿਹਰਾ ਆਪਣੀ ਕਪਤਾਨੀ ਵਿਚ ਦੇਸ਼ ਨੂੰ ਅੰਡਰ-19 ਵਿਸ਼ਵ ਕੱਪ ਵਿਚ ਚੈਂਪੀਅਨ ਬਣਾਉਣ ਨੂੰ ਦਿੱਤਾ ਹੈ। ਵਿਰਾਟ ਅੰਡਰ-19 ਵਿਸ਼ਵ ਕੱਪ ਖਿਤਾਬ ਜਿੱਤਣ ਤੋਂ ਬਾਅਦ ਚਰਚਾ ਵਿਚ ਆਇਆ ਸੀ। ਭਾਰਤ ਨੇ ਵਿਰਾਟ ਦੀ ਕਪਤਾਨੀ ਵਿਚ ਸਾਲ 2008 ਵਿਚ ਮਲੇਸ਼ੀਆ ਵਿਚ ਫਰਵਰੀ-ਮਾਰਚ ਵਿਚ ਹੋਇਆ ਅੰਡਰ-19 ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਪਹਿਲਾਂ ਭਾਰਤ ਦੀ ਸੀਨੀਅਰ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਸਤੰਬਰ 2007 ਵਿਚ ਦੱਖਣੀ ਅਫਰੀਕਾ ਵਿਚ ਹੋਇਆ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।
ਵਿਸ਼ਵ ਕੱਪ ਜੇਤੂ ਸੀਨੀਅਰ ਟੀਮ ਅਤੇ ਅੰਡਰ-19 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਰਾਜਧਾਨੀ ਦਿੱਲੀ ਵਿਚ ਇਕੱਠਿਆਂ ਹੀ ਸਨਮਾਨ ਸਮਾਰੋਹ ਹੋਇਆ ਸੀ। ਇਸ ਵਿਚ ਧੋਨੀ ਅਤੇ ਵਿਰਾਟ ਕੋਹਲੀ ਇਕੱਠੇ ਬੈਠੇ ਸਨ। ਅੰਡਰ-19 ਵਿਸ਼ਵ ਕੱਪ ਨੇ ਵਿਰਾਟ ਦਾ ਜੀਵਨ ਇਸ ਤਰ੍ਹਾਂ ਬਦਲਿਆ ਕਿ ਅੱਜ ਉਹ ਦੁਨੀਆ ਦੇ ਮਹਾਨ ਖਿਡਾਰੀਆਂ ਦੀ ਸ਼੍ਰੇਣੀ ਵਿਚ ਸ਼ੁਮਾਰ ਹੋ ਗਿਆ ਹੈ। ਵਿਰਾਟ ਨੇ ਕਿਹਾ ਕਿ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਮੇਰੇ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਮੋੜ ਸੀ। ਇਸ ਨੇ ਮੈਨੂੰ ਕਰੀਅਰ ਵਿਚ ਅੱਗੇ ਵਧਣ ਤੇ ਖੁਦ ਨੂੰ ਸਥਾਪਿਤ ਕਰਨ ਵਿਚ ਮਦਦ ਕੀਤੀ। ਮੇਰੇ ਦਿਲ ਅਤੇ ਦਿਮਾਗ ਵਿਚ ਇਸ ਟੂਰਨਾਮੈਂਟ ਦੀ ਵਿਸ਼ੇਸ਼ ਜਗ੍ਹਾ ਹੈ। ਤੁਹਾਨੂੰ ਹੱਥ ਆਏ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ। ਅੰਡਰ-19 ਵਿਸ਼ਵ ਕੱਪ 2008 ਵਿਚ ਚਾਹੇ ਭਾਰਤੀ ਟੀਮ ਅਤੇ ਨੌਜਵਾਨ ਵਿਰਾਟ ਕੋਹਲੀ ਦਾ ਬੋਲਬਾਲਾ ਰਿਹਾ ਹੋਵੇ ਪਰ ਭਾਰਤੀ ਕਪਤਾਨ ਨੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਉਸ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਖਿਡਾਰੀ ਕਰਾਰ ਦਿੱਤਾ।

Gurdeep Singh

This news is Content Editor Gurdeep Singh