ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ : ਭਾਰਤ ਦੀ ਇੱਕੋਂ-ਇਕ ਉਮੀਦ ਨੀਰਜ

08/04/2017 12:35:31 PM

ਲੰਡਨ - ਫਰਾਟਾ ਕਿੰਗ ਉਸੇਨ ਬੋਲਟ ਦੇ ਸੰਨਿਆਸ ਨਾਲ ਅਥਲੈਟਿਕਸ 'ਚ ਇਕ ਯੁੱਗ ਦਾ ਅੰਤ ਹੋ ਜਾਵੇਗਾ। ਪਰ ਭਾਰਤੀਆਂ ਲਈ ਭਲਕੇ ਤੋਂ ਇੱਥੇ ਸ਼ੁਰੂ ਹੋ ਰਹੀ ਆਈ. ਏ. ਏ. ਐੱਫ. ਵਿਸ਼ਵ ਚੈਂਪੀਅਨਸ਼ਿਪ 'ਚ ਕੋਈ ਤਗਮਾ ਜਿੱਤਣ ਦੀ ਵਧੇਰੇ ਉਮੀਦ ਨਹੀਂ ਹੈ। ਵਿਸ਼ਵ ਚੈਂਪੀਅਨਸ਼ਿਪ 'ਚ 25 ਭਾਰਤੀ ਅਥਲੀਟ ਸ਼ਿਰਕਤ ਕਰ ਰਹੇ ਹਨ ਪਰ ਉਨ੍ਹਾਂ 'ਚ ਖੇਡ ਪ੍ਰੇਮੀਆਂ ਦਾ ਧਿਆਨ ਖਿੱਚਣ ਦੀ ਉਮੀਦ ਨਹੀਂ ਹੈ। ਭਾਰਤ ਦੇ ਨੇਜਾ ਸੁਟਾਵਾ ਨੀਰਜ ਚੋਪੜਾ ਕੋਲ ਤਗਮਾ ਜਿੱਤਣ ਦਾ ਮੌਕਾ ਹੋ ਸਕਦਾ ਹੈ। ਤਗਮਾ ਜਿੱਤਣ ਦੀ ਉਮੀਦ ਹਰਿਆਣਾ ਦੇ ਇਸ 19 ਸਾਲਾ ਅਥਲੀਟ ਵਲੋਂ 10 ਅਤੇ 12 ਅਗਸਤ ਨੂੰ ਕੁਆਈਫਿਕੇਸ਼ਨ ਅਤੇ ਫਾਈਨਲ ਦੌਰ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗੀ। ਭਾਰਤ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ 2003 ਤੋਂ ਬਾਅਦ ਪਏ ਸੋਕੇ ਨੂੰ ਤਗਮਾ ਜਿੱਤ ਕੇ ਦੂਰ ਕਰ ਸਕਦਾ ਹੈ। 1983 'ਚ ਪਹਿਲੀ ਚੈਂਪੀਅਨਸ਼ਿਪ ਤੋਂ ਬਾਅਦ ਭਾਰਤ ਹਰ ਸਾਲ ਹਿੱਸਾ ਲੈ ਰਿਹਾ ਹੈ। 2003 'ਚ ਭਾਰਤ ਦੀ ਲੰਬੀ ਛਾਲ ਦੀ ਅਥਲੀਟ ਅੰਜੂ ਬੌਬੀ ਜੌਰਜ ਨੇ ਕਾਂਸੀ ਦਾ ਤਗਮਾ ਜਿੱਤਿਆ। ਥੋੜਾ ਸਮਾਂ ਪਹਿਲਾਂ ਭੁਵਨੇਸ਼ਵਰ 'ਚ ਥੋੜਾ ਸਮਾਂ ਪਹਿਲਾਂ ਹੋਈ ਚੈਂਪੀਅਨਸ਼ਿਪ 'ਚ ਭਾਰਤੀ ਅਥਲੀਟਾਂ ਵੱਲੋਂ ਜਿੱਤੇ ਗਏ ਤਗਮੇ ਪ੍ਰਸੰਸਾਯੋਗ ਹਨ ਪਰ ਇੱਥੇ ਮਿਲੀਆਂ ਜਿੱਤਾ ਦਾ ਵਿਸ਼ਵ ਚੈਂਪੀਅਨਸ਼ਿਪ 'ਚ ਕੋਈ ਅਸਰ ਦਿਖਾਈ ਨਹੀਂ ਦਿੰਦਾ। ਏਸ਼ਿਆਈ ਚੈਂਪੀਅਨਸ਼ਿਪ 'ਚ ਮੁਕਾਬਲਾ ਕਾਫੀ ਘੱਟ ਸੀ ਕਿਉਂਕਿ ਚੀਨ ਜਾਪਾਨ, ਕਤਰ ਅਤੇ ਬਹਿਰੀਨ ਦੇ ਕਈ ਵੱਡੇ ਅਥਲੀਟਾਂ ਨੇ ਟੂਰਨਾਮੈਂਟ 'ਚ ਸ਼ਮੂਲੀਅਤ ਨਹੀਂ ਕੀਤੀ ਸੀ। ਇਸ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੀ ਭਾਰਤੀ ਟੀਮ ਦੀ ਚੋਣ 'ਤੇ ਵੀ ਵਿਵਾਦ ਖੜ੍ਹਾ ਹੋ ਗਿਆ। ਇਸ 'ਚ ਪੀਯੂ ਚਿਤਰਾ ਦਾ ਮਾਮਲਾ ਸਾਹਮਣੇ ਆਇਆ ਹੈ। 2015 'ਚ ਪੇਈਚਿੰਗ 'ਚ ਭਾਗ ਲੈਣ ਵਾਲੀ 16 ਮੈਂਬਰੀ ਟੀਮ ਦੇ ਤਿੰਨ ਅਥਲੀਟਾਂ ਨੇ ਫਾਈਨਲ 'ਚ ਥਾਂ ਬਣਾਈ ਸੀ। ਇਸ 'ਚ ਸ਼ਾਟਪੁਟ 'ਚ ਇੰਦਰਜੀਤ ਸਿੰਘ, ਡਿਸਕਸ ਥ੍ਰੋਅ 'ਚ ਵਿਕਾਸ ਗੌੜਾ ਅਤੇ ਲਲਿਤਾ ਬੱਬਰ ਮਹਿਲਾ ਹੈਪਟੈਥਲਾਨ ਸ਼ਾਮਲ ਹਨ। ਇਸ ਵਾਰ ਖੁਸ਼ਬੀਰ ਕੌਰ (20 ਕਿਲੋਮੀਟਰ ਮਹਿਲਾ ਪੈਦਲ ਚਾਲ), ਐੱਮ. ਆਰ ਪੂਵਮਾ, ਜੇਸ਼ਨਾ ਮੈਥਿਓਜ਼, ਅਨੁਰਾਘਵਨ ਰਿਲੇਅ ਦੌੜਾਕ ਨੂੰ ਛੱਡ ਕੇ ਵਧੇਰੇ ਨਵੇਂ ਅਥਲੀਟ ਹਨ। ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤ ਦਾ ਰਿਕਾਰਡ ਨੂੰ ਦੇਖਦਿਆ ਕਿਸੇ ਵੀ ਭਾਰਤੀ ਅਥਲੀਟ ਦੇ ਫਾਈਨਲ 'ਚ ਪੁੱਜਣ ਨੂੰ ਹੀ ਵੱਡੀ ਪਾ੍ਰਪਤੀ ਮੰਨਿਆ ਜਾਵੇਗਾ। ਭਲਕੇ ਸ਼ੁਰੂਆਤੀ ਦਿਨ ਕਿਸੇ ਵੀ ਭਾਰਤੀ ਖਿਡਾਰੀ ਦੇ ਹਿੱਸਾ ਲੈਣ ਦੀ ਉਮੀਦ ਨਹੀਂ ਹੈ। ਭਾਰਤ ਦਾ ਏਸ਼ੀਆਈ ਚੈਪੀਅਨ ਗੋਵਿੰਦਨ ਲਕਸ਼ਮਣ 1000 ਮੀਟਰ ਫਾਇਨਲ 'ਚ ਭਾਗ ਨਹੀਂ ਲਵੇਗਾ। ਭਾਰਤੀਆਂ ਲਈ 5 ਅਗਸਤ ਨੂੰ ਪਹਿਲਾਂ ਮੁਕਾਬਲਾ ਹੈਪਟਥਲਾਨ 100 ਮੀਟਰ ਅੜਿੱਕਾ ਦੌੜ ਹੋਵੇਗੀ। ਇਸ 'ਚ ਮੁਹਮੰਦ ਅਨਸ ਹਿੱਸਾ ਲਵੇਗਾ। ਭਾਰਤ ਲਈ ਸਭ ਤੋਂ ਤਕੜਾ ਦਾਅਵੇਦਾਰ ਨੌਜਵਾਨ ਨੀਰਜ ਹੋ ਸਕਦਾ ਹੈ। ਉਸ ਦਾ ਨੇਜਾ ਸੁੱਟਣ ਦਾ ਸਭ ਤੋਂ ਚੰਗਾ ਪ੍ਰਦਰਸ਼ਨ 85.63 ਮੀਟਰ ਰਿਹਾ ਹੈ। ਇਸ ਨਾਲ ਉਹ ਆਈ. ਏ. ਏ. ਐੱਫ. ਦਰਜਾਬੰਦੀ 'ਚ 14ਵੇਂ ਸਥਾਨ 'ਤੇ ਹੈ। ਉਸ ਨੇ ਪਿਛਲੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ 86.48 ਮੀਟਰ ਥ੍ਰੋਅ ਦਾ ਪ੍ਰਦਰਸ਼ਨ ਕੀਤਾ ਸੀ ਪਰ ਵਿਸ਼ਵ ਚੈਂਪੀਅਨਸ਼ਿਪ 'ਚ ਤਗਮਾ ਦੌੜ 'ਚ ਬਣੇ ਰਹਿਣ ਲਈ ਉਸ ਨੂੰ ਆਪਣੇ ਰਿਕਾਰਡ 'ਚ ਕਈ ਮੀਟਰ ਦੇ ਸੁਧਾਰ ਦੀ ਲੋੜ ਹੈ। ਹੋਰ ਭਾਰਤੀ ਅਥਲੀਟ ਜੋ ਹਿੱਸਾ ਲੈ ਰਹੇ ਹਨ, ਉਨ੍ਹਾਂ ਲਈ ਵਿਸ਼ਵ ਚੈਂਪੀਅਨਸ਼ਿਪ ਸ਼ਿਰਫ ਆਪਣਾ ਅਨੁਭਵ ਵਧਾਉਣ ਲਈ ਹੀ ਹੈ।