ਏਸ਼ੀਆਈ ਖੇਡਾਂ : ਚੈਂਪੀਅਨ ਪੁਰਸ਼ ਕਬੱਡੀ ਟੀਮ ਦੀ ਕੋਰੀਆ ਹੱਥੋਂ ਹਾਰ

08/20/2018 7:06:37 PM

ਜਕਾਰਤਾ : ਦੱਖਣੀ ਕੋਰੀਆ ਨੇ ਏਸ਼ੀਆਈ ਖੇਡਾਂ ਦੀ ਪੁਰਸ਼ ਕਬੱਡੀ ਮੁਕਾਬਲੇ 'ਚ ਅੱਜ ਵੱਡਾ ਉਲਟਫੇਰ ਕਰਦੇ ਹੋਏ ਗਰੁਪ-ਏ ਦੇ ਮੈਚ 'ਚ 7 ਵਾਰ ਦੇ ਸੋਨ ਤਮਗਾ ਜੇਤੂ ਭਾਰਤ ਨੂੰ ਹਰਾਇਆ। ਇਹ ਏਸ਼ੀਆਈ ਖੇਡਾਂ 'ਚ 28 ਸਾਲਾਂ 'ਚ ਭਾਰਤ ਦੀ ਪਹਿਲੀ ਹਾਰ ਹੈ। ਚਾਰ ਸਾਲ ਪਹਿਲਾਂ ਇੰਚੀਓਨ ਖੇਡਾਂ 'ਚ ਕਾਂਸੀ ਤਮਗਾ ਜਿੱਤਣ ਵਾਲੀ ਦੱਖਣੀ ਕੋਰੀਆ ਦੀ ਟੀਮ ਨੇ ਭਾਰਤ ਨੂੰ 24-23 ਦੇ ਮਮੂਲੀ ਫਰਕ ਨਾਲ ਹਰਾਇਆ।

ਭਾਰਤ ਹੁਣ ਗਰੁਪ-ਏ ਦੇ ਆਪਣੇ ਆਖਰੀ ਮੁਕਾਬਲੇ 'ਚ ਥਾਈਲੈਂਡ ਨਾਲ ਭਿੜੇਗਾ। ਇਸ ਤੋਂ ਪਹਿਲਾਂ ਭਾਰਤ ਨੇ ਕਲ ਬੰਗਲਾਦੇਸ਼ ਨੂੰ 50-21 ਨਾਲ ਅਤੇ ਸ਼੍ਰੀਲੰਕਾ ਨੂੰ 44-28 ਨਾਲ ਹਰਾਇਆ ਸੀ। ਮਹਿਲਾ ਵਰਗ 'ਚ ਭਾਰਤ ਨੇ ਅਜੇਤੂ ਕ੍ਰਮ ਬਣਾ ਕੇ ਰੱਖਦੇ ਹੋਏ ਆਪਣੇ ਦੂਜੇ ਗਰੁਪ ਮੈਚ 'ਚ ਥਾਈਲੈਂਡ ਨੂੰ ਹਰਾਇਆ। ਦੋ ਵਾਰ ਦੀ ਚੈਂਪੀਅਨ ਟੀਮ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾ ਕੇ ਰੱਖਿਆ ਅਤੇ ਆਖਰ 'ਚ ਇਕ ਆਸਾਨ ਜਿੱਤ ਦਰਜ ਕੀਤੀ। ਮਹਿਲਾ ਟੀਮ ਹੁਣ ਕਲ ਸ਼੍ਰੀਲੰਕਾ ਅਤੇ ਫਿਰ ਇੰਡੋਨੇਸ਼ੀਆ ਨਾਲ ਭਿੜੇਗੀ। ਉਸ ਨੇ ਕਲ ਆਪਣੇ ਪਹਿਲੇ ਮੈਚ 'ਚ ਜਾਪਾਨ ਨੂੰ 43-12 ਨਾਲ ਹਰਾਇਆ ਸੀ।