ਏਸ਼ੀਆਈ ਚੈਂਪੀਅਨ ਸ਼ਾਟਪੁੱਟ ਖਿਡਾਰਨ ਮਨਪ੍ਰੀਤ ਡੋਪ ਟੈਸਟ ''ਚ ਫੇਲ

07/19/2017 12:12:09 PM

ਨਵੀਂ ਦਿੱਲੀ— ਏਸ਼ੀਆਈ ਚੈਂਪੀਅਨ ਸ਼ਾਟ ਪੁੱਟ ਖਿਡਾਰਨ ਮਨਪ੍ਰੀਤ ਕੌਰ ਡੋਪ ਟੈਸਟ 'ਚ ਫੇਲ ਹੋ ਗਈ ਹੈ ਜਿਸ ਨਾਲ ਇਸ ਮਹੀਨੇ ਦੀ ਸ਼ੁਰੂਆਤ 'ਚ ਜਿੱਤਿਆ ਉਸ ਦਾ ਸੋਨ ਤਮਗਾ ਖੋਹਿਆ ਵੀ ਜਾ ਸਕਦਾ ਹੈ। 

ਭੁਵਨੇਸ਼ਵਰ 'ਚ ਹਾਲ ਹੀ 'ਚ ਖਤਮ ਏਸ਼ੀਆਈ ਚੈਂਪੀਅਨਸ਼ਿਪ 'ਚ ਪੀਲਾ ਤਮਗਾ ਜਿੱਤਣ ਵਾਲੀ ਮਨਪ੍ਰੀਤ ਪਾਬੰਦੀਸ਼ੁਦਾ ਸਟੀਮਿਊਲੇਂਟ ਡਾਈਮੇਥਿਲਬੁਟੀਲੇਮਾਈਨ ਦੀ ਵਰਤੋਂ ਦੀ ਦੋਸ਼ੀ ਪਾਈ ਗਈ ਹੈ। ਇਹ ਟੈਸਟ ਇਕ ਤੋਂ 4 ਜੂਨ ਤੱਕ ਪਟਿਆਲਾ 'ਚ ਹੋਈ ਫੈਡਰੇਸ਼ਨ ਕੱਪ ਰਾਸ਼ਟਰੀ ਚੈਂਪੀਅਨਸ਼ਿਪ ਦੇ ਦੌਰਾਨ ਰਾਸ਼ਟਰੀ ਡੋਪਿੰਗ ਰੋਕੂ ਅਧਿਕਾਰੀ ਨੇ ਕੀਤਾ ਸੀ। ਜੇਕਰ ਉਨ੍ਹਾਂ ਦਾ ਬੀ ਨਮੂਨਾ ਵੀ ਪਾਜ਼ੀਟਿਵ ਆਉਂਦਾ ਹੈ ਤਾਂ ਭਾਰਤ ਨੂੰ ਭੁਵਨੇਸ਼ਵਰ 'ਚ ਜਿੱਤਿਆ ਸੋਨ ਤਮਗਾ ਗੁਆਉਣਾ ਪਵੇਗਾ।

ਭਾਰਤੀ ਐਥਲੈਟਿਕਸ ਮਹਾਸੰਘ ਦੇ ਇਕ ਅਧਿਕਾਰੀ ਨੇ ਦੱਸਿਆ, ''ਮਨਪ੍ਰੀਤ ਨੂੰ ਜੂਨ 'ਚ ਫੈਡਰੇਸ਼ਨ ਕੱਪ ਦੇ ਦੌਰਾਨ ਹੋਏ ਟੈਸਟ 'ਚ ਪਾਜ਼ੀਟਿਵ ਪਾਇਆ ਗਿਆ ਹੈ। ਉਸ ਦੇ ਪਿਸ਼ਾਬ ਦੇ ਨਮੂਨੇ 'ਚ ਪਾਬੰਦੀਸ਼ੁਦਾ ਸਟੀਮਿਊਲੇਂਟ ਡਾਈਮੇਥਿਲਬੁਟੀਲੇਮਾਈਨ ਪਾਇਆ ਗਿਆ ਹੈ। ਸਾਨੂੰ ਨਾਡਾ ਨੇ ਮੰਗਲਵਾਰ ਦੀ ਰਾਤ ਨੂੰ ਇਸ ਦੀ ਸੂਚਨਾ ਦਿੱਤੀ।'' ਮਨਪ੍ਰੀਤ ਦੇ ਕੋਚ ਅਤੇ ਪਤੀ ਕਰਮਜੀਤ ਨੇ ਸੰਪਰਕ ਕਰਨ 'ਤੇ ਕਿਹਾ, ''ਸਾਨੂੰ ਇਸ ਬਾਰੇ 'ਚ ਅਜੇ ਕੁਝ ਨਹੀਂ ਦੱਸਿਆ ਗਿਆ ਹੈ।''