ਏਸ਼ੀਆਡ ਸੋਨ ਤਮਗਾ ਜੇਤੂ ਅਮਿਤ ਪੰਘਾਲ ਅਰਜੁਨ ਪੁਰਸਕਾਰ ਲਈ ਨਾਮਜ਼ਦ

09/11/2018 6:07:02 PM

ਨਵੀਂ ਦਿੱਲੀ : ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜੇਤੂ ਮੁੱਕੇਬਾਜ਼ ਅਮਿਤ ਪੰਘਾਲ ਨੂੰ ਭਾਰਤੀ ਮੁੱਕੇਬਾਜ਼ੀ ਮਹਾਸੰਘ ਨੇ ਇਸ ਸਾਲ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਅਮਿਤ ਨੇ ਲਾਈਟਵੇਟ (49 ਕਿ.ਗ੍ਰਾ) ਵਿਚ ਮੌਜੂਦਾ ਓਲੰਪਿਕ ਚੈਂਪੀਅਨ ਹਸਨਬੁਆਏ ਦੁਸਮਾਤੋਵ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ। ਅਮਿਤ ਤੋਂ ਇਲਾਵਾ ਮੁੱਕੇਬਾਜ਼ੀ ਮਹਾਸੰਘ ਨੇ ਸੋਨੀਆ ਲਾਠੇਰ ਅਤੇ ਗੌਰਵ ਬਿਧੂੜੀ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੇ ਭਾਰਤ ਦੇ 8ਵੇਂ ਮੁੱਕੇਬਾਜ਼ ਅਮਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, '' ਅਰਜੁਨ ਪੁਰਸਕਾਰ ਲਈ ਨਾਮਜ਼ਦ ਹੋਣਾ ਮਾਣ ਦੀ ਗੱਲ ਹੈ। ਮੈਂ ਆਪਣੀ ਖੁਸ਼ੀ ਸ਼ਬਦਾਂ ਵਿਚ ਜ਼ਾਹਿਰ ਨਹੀਂ ਕਰ ਸਕਦਾ। ਮੇਰਾ ਤਮਗਾ ਹੀ ਮੇਰੀ ਕਹਾਣੀ ਦੱਸਦਾ ਹੈ ਅਤੇ ਮੈਂ ਇਹੀ ਚਾਹੁੰਦਾ ਸੀ। 

ਉਸ ਦੇ ਨਾਂ 'ਤੇ ਵਿਚਾਰ ਕੀਤਾ ਜਾਵੇਗਾ ਜਾਂ ਨਹੀਂ ਇਹ ਸ਼ੱਕੀ ਹੈ ਪਰ 2012 ਵਿਚ ਉਸ ਨੂੰ ਡੋਪਿੰਗ ਦਾ ਦੋਸ਼ੀ ਪਾਇਆ ਗਿਆ ਸੀ। ਜਿਸ ਲਈ ਉਸ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ ਸੀ। ਉਸ ਨੇ ਅਣਜਾਣੇ ਵਿਚ ਇਹ ਗਲਤੀ ਕੀਤੀ ਸੀ ਅਤੇ ਅਜਿਹਾ ਤੱਦ ਹੋਇਆ ਸੀ ਜਦੋਂ ਉਹ ਨੌਜਵਾਨ ਪੱਧਰ 'ਤੇ ਖੇਡ ਰਿਹਾ ਸੀ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖ ਕੇ ਹੀ ਬੀ. ਐੱਫ. ਆਈ. ਨੇ ਉਸ ਦਾ ਨਾਂ ਮੰਤਰਾਲੇ ਕੋਲ ਭੇਜਿਆ ਹੈ। ਅਮਿਤ ਨੇ ਕਿਹਾ, '' ਅਜਿਹਾ ਤੱਦ ਹੋਇਆ ਸੀ ਜਦੋਂ ਮੈਂ ਕੁਝ ਨਹੀਂ ਜਾਣਦਾ ਸੀ। ਜਦੋਂ ਮੈਂ ਬਚਪਨ ਵਿਚ ਸੀ ਤੱਦ ਮੈਨੂੰ ਚੇਚਕ ਹੋ ਗਿਆ ਸੀ। ਉਸ ਸਮੇਂ ਡਾਕਟਰ ਨੇ ਮੈਨੂੰ ਦਵਾਈਆਂ ਦਿੱਤੀਆਂ ਸੀ ਉਸ ਚਿ ਹੀ ਕੁਝ ਅਜਿਹਾ ਸੀ ਜਿਸ ਨਾਲ ਮੇਰਾ ਡੋਪ ਟੈਸਟ ਪਾਜ਼ਿਟਿਵ ਆਇਆ ਸੀ।