ਏਸ਼ੇਜ਼ ਸੀਰੀਜ਼ : ਵੱਡੀ ਬੜ੍ਹਤ ਲੈਣ ਤੋਂ ਬਾਅਦ ਲੜਖੜਾਇਆ ਆਸਟ੍ਰੇਲੀਆ

12/05/2017 5:31:07 AM

ਐਡੀਲੇਡ— ਆਫ ਸਪਿਨਰ ਨਾਥਨ ਲਿਓਨ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਹਿਲੀ ਪਾਰੀ 'ਚ 215 ਦੌੜਾਂ ਦੀ ਬੜ੍ਹਤ ਲੈਣ ਵਾਲੇ ਆਸਟ੍ਰੇਲੀਆ ਦੀ ਦੂਜੀ ਪਾਰੀ 'ਚ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਚੋਟੀਕ੍ਰਮ ਦੀਆਂ ਚਾਰ ਵਿਕਟਾਂ ਗੁਆਉਣ ਦੇ ਬਾਵਜੂਦ ਦੂਜੇ ਏਸ਼ੇਜ਼ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਅੱਜ ਉਸ ਨੇ ਇੰਗਲੈਂਡ 'ਤੇ ਆਪਣਾ ਪੱਲੜਾ ਭਾਰੀ ਰੱਖਿਆ।
ਇਸ ਡੇ-ਨਾਈਟ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ ਆਸਟ੍ਰੇਲੀਆ ਨੇ 4 ਵਿਕਟਾਂ 'ਤੇ 53 ਦੌੜਾਂ ਬਣਾਈਆਂ ਹਨ ਤੇ ਉਸ ਦੀ ਕੁਲ ਬੜ੍ਹਤ 268 ਦੌੜਾਂ ਹੋ ਗਈ ਹੈ।  ਇਸ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ 'ਚ 227 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 442 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ। ਜੇਮਸ ਐਂਡਰਸਨ (16 ਦੌੜਾਂ 'ਤੇ 2 ਵਿਕਟਾਂ) ਤੇ ਕ੍ਰਿਸ ਵੋਕਸ (13 ਦੌੜਾਂ 'ਤੇ 2 ਵਿਕਟਾਂ) ਨੇ ਆਸਟ੍ਰੇਲੀਆ ਦਾ ਚੋਟੀਕ੍ਰਮ ਢਹਿ-ਢੇਰੀ ਕਰ ਕੇ ਇੰਗਲੈਂਡ ਦੀ ਉਮੀਦ ਜਗਾਈ। ਐਂਡਰਸਨ ਨੇ ਤੀਜੇ ਓਵਰ 'ਚ ਹੀ ਸਲਾਮੀ ਬੱਲੇਬਾਜ਼ ਕੈਮਰਨ ਬੇਨਕ੍ਰਾਫਟ (4) ਨੂੰ ਵਿਕਟਾਂ ਦੇ ਪਿੱਛੇ ਕੈਚ ਕਰਾਇਆ। ਇਸ ਤੋਂ ਬਾਅਦ ਉਸ ਨੇ ਉਸਮਾਨ ਖਵਾਜਾ (20) ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ।  
ਡੇਵਿਡ ਵਾਰਨਰ ਸ਼ੁਰੂ ਤੋਂ ਦੌੜਾਂ ਬਣਾਉਣ ਲਈ ਜੂਝਦਾ ਰਿਹਾ ਤੇ 60 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ 14 ਦੌੜਾਂ ਹੀ ਬਣਾ ਸਕਿਆ। ਵੋਕਸ ਨੇ ਉਸ ਨੂੰ ਜੋ ਰੋਟ ਹੱਥੋਂ ਕੈਚ ਕਰਾਇਆ, ਜਦਕਿ ਕਪਤਾਨ ਸਟੀਵ ਸਮਿਥ (6) ਰੀਵਿਊ ਦੇ ਸਹਾਰੇ ਮਿਲੇ ਜੀਵਨਦਾਨ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ ਵੋਕਸ ਦੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਹੋ ਕੇ ਪੈਵੇਲੀਅਨ ਪਰਤਿਆ। ਸਟੰਪ ਉੱਖੜਨ ਦੇ ਸਮੇਂ ਪੀਟਰ ਹੈਂਡਸਕੌਂਬ ਤੇ ਨਾਈਟ ਵਾਚਮੈਨ ਲਿਓਨ 3-3 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਲਿਓਨ ਨੇ 60 ਦੌੜਾਂ ਦੇ ਕੇ 4 ਵਿਕਟਾਂ ਲਈਆਂ ਤੇ ਇੰਗਲੈਂਡ ਨੂੰ ਘੱਟ  ਸਕੋਰ 'ਤੇ ਆਊਟ ਕਰਨ 'ਚ ਅਹਿਮ ਭੂਮਿਕਾ ਨਿਭਾਈ। ਉਸ ਤੋਂ ਇਲਾਵਾ ਮਿਸ਼ੇਲ ਸਟਾਰਕ ਨੇ 39 ਦੌੜਾਂ ਦੇ ਕੇ ਤਿੰਨ ਤੇ ਪੈਟ ਕਮਿੰਸ ਨੇ 47 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇੰਗਲੈਂਡ ਨੇ ਸਵੇਰੇ 1 ਵਿਕਟ 'ਤੇ 29 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਪਰ ਲਗਾਤਾਰ ਫਰਕ 'ਚ ਵਿਕਟਾਂ ਗੁਆਉਣ ਕਾਰਨ ਉਸ ਦੀ ਪਹਿਲੀ ਪਾਰੀ 227 ਦੌੜਾਂ 'ਤੇ ਸਿਮਟ ਕੇ ਰਹਿ ਗਈ।