ਬਤੌਰ ਕਪਤਾਨ ਕੋਹਲੀ ਦਾ 14ਵਾਂ ਸੈਂਕੜਾ, ਹੁਣ ਸਿਰਫ ਪੋਂਟਿੰਗ ਤੋਂ ਪਿੱਛੇ

10/22/2018 12:50:14 AM

ਗੁਹਾਟੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵਨ ਡੇ ਕੌਮਾਂਤਰੀ ਕਰੀਅਰ 'ਚ ਆਪਣਾ 36ਵਾਂ ਸੈਂਕੜਾ ਲਗਾਇਆ। ਐਤਵਾਰ ਨੂੰ ਗੁਹਾਟੀ 'ਚ ਵੈਸਟਇੰਡੀਜ਼ ਦੇ ਖਿਲਾਫ ਖੇਡੀ ਜਾ ਰਹੀ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਇਸ ਉਪਲੱਬਧੀ ਨੂੰ ਹਾਸਲ ਕੀਤਾ। ਉਨ੍ਹਾਂ ਨੇ ਕੇਮਾਰ ਰੋਚ ਦੀ ਗੇਂਦ 'ਤੇ ਚੌਕਾ ਲਗਾ ਕੇ 88 ਗੇਂਦਾਂ 'ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਵੀ ਆਪਣੇ ਵਨ ਡੇ ਕਰੀਅਰ ਦਾ 20ਵਾਂ ਸੈਂਕੜਾ ਪੂਰਾ ਕੀਤਾ। ਇਹ ਕੋਹਲੀ ਦੇ ਕਰੀਅਰ ਦਾ 60ਵਾਂ ਕੌਮਾਂਤਰੀ ਸੈਂਕੜਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ 386ਵੀਂ ਪਾਰੀ 'ਚ ਉਪਲੱਬਧੀ ਹਾਸਲ ਕੀਤੀ। ਕੋਹਲੀ ਸਭ ਤੋਂ ਤੇਜ਼ 60 ਕੌਮਾਂਤਰੀ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਸ ਨੇ 386 ਪਾਰੀਆਂ 'ਚ ਇਹ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ ਸਚਿਨ ਤੇਂਦੁਲਕਰ ਤੋਂ 40 ਪਾਰੀਆਂ ਘੱਟ ਖੇਡ ਕੇ ਇਹ ਰਿਕਾਰਡ ਬਣਾਇਆ। ਬਤੌਰ ਕਪਤਾਨ 14ਵਾਂ ਸੈਂਕੜਾ ਹੈ। ਬਤੌਰ ਕਪਤਾਨ ਵਨ ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਰਿੱਕੀ ਪੋਂਟਿੰਗ ਨੇ ਬਣਾਏ ਹਨ। ਪੋਂਟਿੰਗ ਨੇ 22 ਸੈਂਕੜੇ ਲਗਾਏ ਸਨ। ਪੋਂਟਿੰਗ ਨੇ 22 ਸੈਂਕੜਿਆਂ ਦੇ ਲਈ 220 ਪਾਰੀਆਂ ਖੇਡੀਆਂ ਤੇ ਕੋਹਲੀ ਨੇ ਸਿਰਫ 50 ਪਾਰੀਆਂ 'ਚ 14 ਸੈਂਕੜੇ ਲਗਾ ਦਿੱਤੇ ਹਨ। ਕੋਹਲੀ ਨੇ ਆਪਣੇ ਇਸ ਸੈਂਕੜੇ 'ਚ ਕਈ ਹੋਰ ਉੁਪਲੱਬਧੀਆਂ ਹਾਸਲ ਕੀਤੀਆਂ। ਦੌੜਾਂ ਦਾ ਪਿੱਛਾ ਕਰਦੇ ਹੋਏ ਇਹ ਉਸਦਾ 22ਵਾਂ ਸੈਂਕੜਾ ਸੀ। ਇਸ ਤੋਂ ਇਲਾਵਾ ਭਾਰਤ 'ਚ ਇਹ ਉਸਦਾ 15ਵਾਂ ਸੈਂਕੜਾ ਹੈ।


ਕਪਤਾਨ ਵਿਰਾਟ ਕੋਹਲੀ (140) ਤੇ ਉਪ ਕਪਤਾਨ ਰੋਹਿਤ ਸ਼ਰਮਾ (ਅਜੇਤੂ 152) ਦੇ ਤੂਫਾਨੀ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 246 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟ ਇੰਡੀਜ਼ ਦੇ 322 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰਦਿਆਂ ਐਤਵਾਰ ਨੂੰ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।