ਅਰਵਿੰਦ ਚਿਦਾਂਬਰਮ ਬਣਿਆ ਰਾਸ਼ਟਰੀ ਸ਼ਤਰੰਜ ਚੈਂਪੀਅਨ

12/22/2019 11:45:04 AM

ਮਾਜੀਤਰ (ਨਿਕਲੇਸ਼ ਜੈਨ)-ਭਾਰਤੀ ਸੀਨੀਅਰ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਲਗਾਤਾਰ ਦੂਜੇ ਸਾਲ ਤਾਮਿਲਨਾਡੂ ਦੇ ਗ੍ਰੈਂਡ ਮਾਸਟਰ ਅਰਵਿੰਦਰ ਚਿਦਾਂਬਰਮ ਨੇ ਆਪਣੇ ਨਾਂ ਕਰ ਲਿਆ। 11 ਰਾਊਂਡ ਵਿਚ ਅਰਵਿੰਦ ਨੇ 9 ਜਿੱਤਾਂ, 1 ਹਾਰ ਅਤੇ 1 ਡਰਾਅ ਨਾਲ ਕੁਲ 9.5 ਅੰਕ ਬਣਾਏ। 5ਵੇਂ ਰਾਊਂਡ ਵਿਚ ਉਸ ਨੂੰ ਤਾਮਿਲਨਾਡੂ ਦੇ ਹੀ ਜੀ. ਆਕਾਸ਼ ਨੇ ਹਰਾਇਆ ਸੀ ਪਰ ਉਸ ਤੋਂ ਬਾਅਦ ਉਸ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਇਕ ਵੀ ਮੁਕਾਬਲਾ ਨਹੀਂ ਗੁਆਇਆ। ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗ੍ਰੈਂਡ ਮਾਸਟਰ ਨਾਰਮ ਹਾਸਲ ਕਰਨ ਵਾਲਾ ਜੀ. ਆਕਾਸ਼ 8.5 ਅੰਕ ਬਣਾ ਕੇ ਦੂਜੇ ਅਤੇ ਰੇਲਵੇ ਦਾ ਰਵੀ ਤੇਜਾ ਵੀ 8.5 ਅੰਕ ਬਣਾ ਕੇ ਟਾਈਬ੍ਰੇਕ ਵਿਚ ਤੀਜੇ ਸਥਾਨ 'ਤੇ ਰਹੇ।

8 ਅੰਕ ਬਣਾ ਕੇ ਟਾਈਬ੍ਰੇਕ ਦੇ ਆਧਾਰ 'ਤੇ ਦਿੱਲੀ ਦਾ ਵੈਭਵ ਸੂਰੀ, ਗੋਆ ਦਾ ਅਨੁਰਾਗ ਮਹਾਮਾਲ, ਰੇਲਵੇ ਦਾ ਲਲਿਤ ਬਾਬੂ, ਤਾਮਿਲਨਾਡੂ ਦਾ ਐੱਨ. ਆਰ. ਵਿਸ਼ਾਖ, ਰੇਲਵੇ ਦਾ ਹਿਮਾਂਸ਼ੂ ਸ਼ਰਮਾ, ਪੈਟਰੋਲੀਅਮ ਸਪੋਰਟਸ ਦਾ ਪੀ. ਕੋਂਗੁਵਲ ਅਤੇ ਅਭਿਜੀਤ ਕੁੰਟੇ ਕ੍ਰਮਵਾਰ ਚੌਥੇ ਤੋਂ 10ਵੇਂ ਸਥਾਨ 'ਤੇ ਰਹੇ।