ਮੁੰਡਾ ਬਣੇ ਭਾਰਤੀ ਤੀਰਅੰਦਾਜ਼ੀ ਸੰਘ ਦੇ ਪ੍ਰਧਾਨ

01/19/2020 11:11:08 AM

ਨਵੀਂ ਦਿੱਲੀ- ਕੇਂਦਰੀ ਮੰਤਰੀ ਅਰਜੁਨ ਮੁੰਡਾ ਸ਼ਨੀਵਾਰ ਨੂੰ ਤਿੰਨ ਆਬਜ਼ਰਵਰਾਂ ਦੀ ਨਿਗਰਾਨੀ ਵਿਚ ਕਰਵਾਈ ਗਈ ਚੋਣ ਵਿਚ ਭਾਰਤੀ ਤੀਰਅੰਦਾਜ਼ੀ ਸੰਘ ਦੇ ਪ੍ਰਧਾਨ ਬਣ ਗਏ ਹਨ। ਏ. ਏ. ਆਈ. ਦੇ ਸਾਬਕਾ ਮੁਖੀ ਵਿਜੇ ਕੁਮਾਰ ਮਲਹੋਤਰਾ ਦੀ ਹਿਮਾਇਤ ਨਾਲ ਝਾਰਖੰਡ ਤੀਰਅੰਦਾਜ਼ੀ ਸੰਘ ਦੇ ਪ੍ਰਧਾਨ ਮੁੰਡਾ ਨੇ ਆਸਾਮ ਤੀਰਅੰਦਾਜ਼ੀ ਸੰਘ ਦੇ ਪ੍ਰਧਾਨ ਤੇ ਸੇਵਾ ਮੁਕਤ ਆਈ. ਏ. ਐੱਸ. ਅਫਸਰ ਬੀ. ਵੀ. ਪੀ. ਰਾਓ ਨੂੰ 34-18 ਦੇ ਫ਼ਰਕ ਨਾਲ ਹਰਾ ਦਿੱਤਾ। ਮੁੰਡਾ ਦੇ ਪੂਰੇ ਪੈਨਲ ਨੇ ਜਿੱਤ ਦਰਜ ਕੀਤੀ, ਜਿਸ ਦਾ ਕਾਰਜਕਾਲ ਚਾਰ ਸਾਲਾਂ ਦਾ ਹੋਵੇਗਾ।

ਮਹਾਰਾਸ਼ਟਰ ਦੇ ਪ੍ਰਮੋਦ ਚੰਦੁਰਕਰ ਨੇ ਸਕੱਤਰ ਅਹੁਦੇ ਦੀਆਂ ਚੋਣਾਂ ਵਿਚ ਚੰਡੀਗੜ੍ਹ ਦੇ ਮਹਾਂ ਸਿੰਘ ਨੂੰ 31-21 ਨਾਲ ਹਰਾਇਆ ਜਦਕਿ ਸੀਨੀਅਰ ਉਪ ਪ੍ਰਧਾਨ ਦੀ ਚੋਣ ਵਿਚ ਹਰਿਆਣਾ ਦੇ ਸਾਬਕਾ ਮੰਤਰੀ ਕੈਪਟਨ ਅਭਿਮੰਨਿਊ ਨੇ ਮਣੀਪੁਰ ਦੇ ਜੀ. ਏ. ਈਬੋਪਿਸ਼ਾਕ ਨੂੰ 32-20 ਨਾਲ ਮਾਤ ਦਿੱਤੀ। ਖ਼ਜ਼ਾਨਚੀ ਦੀ ਚੋਣ ਵਿਚ ਉੱਤਰਾਖੰਡ ਦੇ ਰਜਿੰਦਰ ਸਿੰਘ ਤੋਮਰ ਨੇ ਉੜੀਸਾ ਦੇ ਸਮਿਖਿਆ ਨੰਦਾ ਦਾਸ ਨੂੰ 34-18 ਨਾਲ ਮਾਤ ਦਿੱਤੀ। ਕੁਲ 52 ਵੋਟਾਂ ਨਾਲ ਪ੍ਰਧਾਨ, ਜਨਰਲ ਸਕੱਤਰ, ਸੀਨੀਅਰ ਉਪ ਪ੍ਰਧਾਨ, ਅੱਠ ਉਪ ਪ੍ਰਧਾਨ, ਸਤ ਜਾਇੰਟ ਸਕੱਤਰ ਤੇ ਖ਼ਜ਼ਾਨਚੀ ਸਣੇ 19 ਮੈਂਬਰੀ ਕਮੇਟੀ ਚੁਣੀ ਗਈ ਹੈ। ਮੁੰਡਾ ਤਿੰਨ ਵਾਰ ਝਾਰਖੰਡ ਦੇ ਮੁੱਖ ਮੰਤਰੀ ਰਹੇ ਹਨ। ਉਹ ਤੀਰਅੰਦਾਜ਼ੀ ਦੀ ਅਕੈਡਮੀ ਵੀ ਚਲਾਉਂਦੇ ਹਨ, ਜਿਸ ਨੇ ਸਾਬਕਾ ਅੱਵਲ ਨੰਬਰ ਦੀਪਿਕਾ ਕੁਮਾਰੀ ਦੀ ਖੇਡ ਵਿਚ ਸੁਧਾਰ ਕਰਨ ਵਿਚ ਅਹਿਮ ਯੋਗਦਾਨ ਦਿੱਤਾ ਸੀ।

Tarsem Singh

This news is Content Editor Tarsem Singh