ਆਰਚਰ ਨੇ ਸੂਰਯਕੁਮਾਰ ਦੇ ਸਿਰ ''ਤੇ ਮਾਰਿਆ ਬਾਊਂਸਰ, ਯਾਦਵ ਨੇ ਅਗਲੀ ਗੇਂਦ ''ਤੇ ਲਿਆ ਬਦਲਾ

10/07/2020 12:29:43 AM

ਆਬੂ ਧਾਬੀ- ਰਾਜਸਥਾਨ ਰਾਇਲਜ਼ ਵਿਰੁੱਧ ਆਬੂ ਧਾਬੀ 'ਚ ਖੇਡੇ ਗਏ ਮੈਚ ਦੌਰਾਨ ਸੂਰਯਕੁਮਾਰ ਯਾਦਵ ਨੇ 79 ਦੌੜਾਂ ਦੀ ਅਜੇਤੂ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਇਰਫਾਨ ਪਠਾਨ ਨੇ ਉਸਦੀ ਸ਼ਲਾਘਾ ਕੀਤੀ ਪਰ ਉਸਦੀ ਪਾਰੀ ਦੇ ਦੌਰਾਨ ਜਦੋਂ ਜੋਫ੍ਰਾ ਆਰਚਰ ਦੀ ਇਕ ਬਾਊਂਸਰ ਉਸਦੇ ਸਿਰ 'ਤੇ ਲੱਗੀ ਤਾਂ ਉਨ੍ਹਾਂ ਨੇ ਅਗਲੀ ਹੀ ਗੇਂਦ 'ਤੇ ਇਸਦਾ ਬਦਲਾ ਵੀ ਲਿਆ।


ਇਹ ਸਾਰਾ ਮਾਮਲਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਮੁੰਬਈ ਇੰਡੀਅਨਜ਼ ਦੀ ਪਾਰੀ ਦੇ 19ਵੇਂ ਓਵਰ 'ਚ ਹੋਇਆ। ਆਰਚਰ ਓਵਰ ਸੁੱਟਣ ਆਏ ਤਾਂ ਸਟ੍ਰਾਈਕ 'ਤੇ ਹਾਰਦਿਕ ਪੰਡਯਾ ਸੀ। ਓਵਰ ਦੀ ਪਹਿਲੀ ਗੇਂਦ ਆਰਚਰ ਨੇ ਬੀਮਰ ਸੁੱਟੀ ਪਰ ਹਾਰਦਿਕ ਪੰਡਯਾ ਇਸ ਖਤਰਨਾਕ ਬੀਮਰ ਤੋਂ ਬਚ ਗਏ। ਗੇਂਦ ਵਿਕਟਕੀਪਰ ਦੇ ਹੱਥ ਨਹੀਂ ਆਈ ਅਤੇ ਚੌਕਾ ਹੋ ਗਿਆ ਇਸ ਦੇ ਨਾਲ ਹੀ ਅੰਪਾਇਰ ਨੇ ਗੇਂਦ ਨੂੰ ਨੋ-ਬਾਲ ਵੀ ਕਰਾਰ ਦੇ ਦਿੱਤਾ। ਇਸ ਦੇ ਲਈ ਆਰਚਰ ਨੇ ਮੁਆਫੀ ਵੀ ਮੰਗੀ। ਇਸਦੇ ਤਿੰਨ ਗੇਂਦਾਂ ਬਾਅਦ ਆਰਚਰ ਨੇ ਸੂਰਯਕੁਮਾਰ ਨੂੰ ਬਾਊਂਸਰ ਸੁੱਟੀ। ਸੂਰਯਕੁਮਾਰ ਨੇ ਗੇਂਦ ਖੇਡਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਯਾਦਵ ਦੇ ਸਿਰ 'ਤੇ ਲੱਗੀ। ਖਿਡਾਰੀ ਨੇ ਇਸਦੇ ਤੁਰੰਤ ਬਾਅਦ ਆਪਣਾ ਹੈਲਮਟ ਕੱਢਿਆ ਅਤੇ ਫਿਰ ਸਿਰ ਰਗੜਨ ਲੱਗਾ ਅਤੇ ਅਗਲੀ ਗੇਂਦ 'ਤੇ ਆਰਚਰ ਨੂੰ ਜ਼ੋਰਦਾਰ ਜਵਾਬ ਦਿੱਤਾ। ਆਰਚਰ ਨੇ ਜਿਵੇਂ ਹੀ ਅਗਲੀ ਗੇਂਦ ਸੁੱਟੀ ਤਾਂ ਸੂਰਯਕੁਮਾਰ ਨੇ ਛੱਕਾ ਲਗਾ ਕੇ ਇਸਦਾ ਬਦਲਾ ਲਿਆ।


ਜ਼ਿਕਰਯੋਗ ਹੈ ਕਿ ਸੂਰਯਕੁਮਾਰ ਨੇ ਆਪਣੀ ਪਾਰੀ ਦੇ ਦੌਰਾਨ 47 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇਸ ਦੌਰਾਨ 11 ਚੌਕੇ ਅਤੇ 2 ਛੱਕੇ ਲਗਾਉਂਦੇ ਹੋਏ 79 ਦੌੜਾਂ ਬਣਾਈਆਂ ਅਤੇ ਅਜੇਤੂ ਪਾਰੀ ਖੇਡੀ।

Gurdeep Singh

This news is Content Editor Gurdeep Singh