ਰਾਈਫਲ ਸ਼ੂਟਰ ਅਜੀਤੇਸ਼ ਕੌਸ਼ਲ ਨੂੰ ਸਬ-ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ

12/28/2017 12:04:51 AM

ਚੰਡੀਗੜ੍ਹ (ਪਰਾਸ਼ਰ)— ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਖਾਸ ਕਰ ਕੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਬਿਹਤਰ ਮੌਕੇ ਦੇਣ ਦੇ ਮਕਸਦ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਕੌਮਾਂਤਰੀ ਪ੍ਰਸਿੱਧੀ ਹਾਸਲ ਰਾਈਫਲ ਸ਼ੂਟਰ ਅਜੀਤੇਸ਼ ਕੌਸ਼ਲ ਨੂੰ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਅਜੀਤੇਸ਼ ਕੌਸ਼ਲ ਨੇ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੁਣ ਤੱਕ 85 ਤਮਗੇ ਹਾਸਲ ਕੀਤੇ ਹਨ। ਸੂਬੇ ਦੇ ਖੇਡ ਵਿਭਾਗ ਨੇ ਉਸ ਦੇ ਵਿਲੱਖਣ ਖੇਡ ਪ੍ਰਦਰਸ਼ਨ ਲਈ ਉਸ ਨੂੰ 'ਏ' ਗ੍ਰੇਡ ਖਿਡਾਰੀ ਵਜੋਂ ਸ਼੍ਰੇਣੀਬੱਧ ਕੀਤਾ ਹੋਇਆ ਹੈ। ਅਜੀਤੇਸ਼ ਨੂੰ ਇਸ ਤੋਂ ਪਹਿਲਾਂ 5. 22 ਲੱਖ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਵੀ ਕੀਤਾ ਗਿਆ।
ਮੰਤਰੀ ਮੰਡਲ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਸ ਅਕੈਡਮੀ, ਫਿਲੌਰ ਵਿਖੇ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ 3 ਲੈਕਚਰਾਰਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 19 ਲਾਅ ਅਫਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਦਿੱਤੇ ਹੁਕਮਾਂ ਦੇ ਮੁਤਾਬਕ ਹੀ ਡਾ. ਜਸਵਿੰਦਰ ਸਿੰਘ, ਡਾ. ਹਰਜੀਤ ਸਿੰਘ ਅਤੇ ਡਾ. ਹਰੂਨ ਨਈਮ ਖਾਨ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ।