ਕਪਿਲ ਦੇਵ ਦੀ ਅਗੁਵਾਈ ਵਾਲੀ ਕਮੇਟੀ ਚੁਣੇਗੀ ਭਾਰਤੀ ਟੀਮ ਦਾ ਅਗਲਾ ਨਵਾਂ ਕੋਚ

07/27/2019 11:07:35 AM

ਸਪੋਰਸਟ ਡੈਸਕ— ਵਿਸ਼ਵ ਕੱਪ ਜੇਤੂ ਕਪਤਾਨ ਤੇ ਸਾਬਕਾ ਭਾਰਤੀ ਕੋਚ ਕਪਿਲ ਦੇਵ ਦੀ ਅਗੁਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਭਾਰਤੀ ਟੀਮ ਦਾ ਨਵਾਂ ਕੋਚ ਚੁਣੇਗੀ।  ਕ੍ਰਿਕਟ ਸਲਾਹਕਾਰ ਕਮੇਟੀ 'ਚ ਕਪਿਲ ਤੋਂ ਇਲਾਵਾ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਕਪਤਾਨ ਸ਼ਾਂਤਾ ਰੰਗਾਸਵਾਮੀ ਤੇ ਸਾਬਕਾ ਕੋਚ ਤੇ ਓਪਨਰ ਅੰਸ਼ੁਮਾਨ ਗਾਇਕਵਾਡ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਭਾਰਤੀ ਕ੍ਰਿਕਟ ਟੀਮ ਦੇ ਅਗਲੇ ਕੋਚ ਲਈ ਅਗਸਤ ਦੇ ਮੱਧ 'ਚ ਇੰਟਰਵਿਊ ਲਵੇਂਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਦਾ ਸੰਚਾਲਨ ਵੇਖ ਰਹੀ ਅਨੁਸ਼ਾਸਕਾਂ ਦੀ ਕਮੇਟੀ (ਸੀ. ਓ. ਏ) ਨੇ ਇੱਥੇ ਸ਼ੁੱਕਰਵਾਰ ਨੂੰ ਬੈਠਕ 'ਚ ਇਹ ਫੈਸਲਾ ਲਿਆ।

ਸੀ. ਓ. ਏ ਪ੍ਰਮੁੱਖ ਵਿਨੋਦ ਰਾਏ ਨੇ ਬੈਠਕ ਤੋਂ ਬਾਅਦ ਕਿਹਾ ਕਿ ਇਹ ਕਮੇਟੀ ਭਾਰਤੀ ਟੀਮ ਦੇ ਨਵੇਂ ਕੋਚ ਦੀ ਚੋਣ ਕਰੇਗੀ। ਉਮੀਦਵਾਰਾਂ ਦੇ ਇੰਟਰਵੀਊ ਅਗਸਤ ਦੇ ਮੱਧ 'ਚ ਲਏ ਜਾਣਗੇ। ਬੀ. ਸੀ. ਸੀ. ਆਈ ਨੇ ਕੋਚ ਲਈ 30 ਜੁਲਾਈ ਤੱਕ ਐਪਲੀਕੇਸ਼ਨਾਂ ਮੰਗੀਆਂ ਹਨ।  ਅਜਿਹੀਆਂ ਵੀ ਖਬਰਾਂ ਹਨ ਕਿ ਸ਼ਾਸਤਰੀ ਦੇ ਆਪਣੇ ਅਹੁੱਦੇ 'ਤੇ ਬਣੇ ਰਹਿਣ ਦੀ ਉਮੀਦ ਹੈ ਜਿਨ੍ਹਾਂ ਦਾ ਕਾਰਜਕਾਲ ਆਈ. ਸੀ. ਸੀ. ਵਰਲਡ ਕੱਪ ਤੱਕ ਸੀ। ਸ਼ਾਸਤਰੀ ਦਾ ਕਰਾਰ ਅਗਲੇ ਮਹੀਨੇ ਵੈਸਟਇੰਡੀਜ਼ ਦੌਰੇ ਤੋਂ ਬਾਅਦ ਖ਼ਤਮ ਹੋ ਜਾਵੇਗਾ। ਬੀ. ਸੀ. ਸੀ. ਆਈ ਨੇ ਹਾਲਾਂਕਿ ਕਿਹਾ ਹੈ ਕਿ ਮੌਜੂਦਾ ਕੋਚਿੰਗ ਸਟਾਫ ਆਪਣੇ ਆਪ : ਹੀ ਇਸ ਪ੍ਰਕਿਰੀਆ 'ਚ ਸ਼ਾਮਿਲ ਰਹੇਗਾ। ਸ਼ਾਸਤਰੀ ਨੂੰ ਕਪਤਾਨ ਵਿਰਾਟ ਕੋਹਲੀ ਦਾ ਪਸੰਦੀਦਾ ਮੰਨਿਆ ਜਾਂਦਾ ਹੈ।

ਇਕ ਬੀ. ਸੀ. ਸੀ. ਆਈ. ਅਧਿਕਾਰੀ ਨੇ ਦੱਸਿਆ ਕਿ ਭਾਰਤੀ ਟੀਮ ਨੇ ਸ਼ਾਸਤਰੀ  ਦੇ ਮਾਰਗਦਰਸ਼ਨ 'ਚ ਕਾਫ਼ੀ ਉਪਲੱਬਧੀਆਂ ਹਾਸਲ ਕੀਤੀਆਂ ਹਨ ਤੇ ਜੇਕਰ ਉਹ ਦੁਬਾਰਾ ਇਸ ਅਹੁੱਦੇ ਲਈ ਐਪਲੀਕੇਸ਼ਨ ਦਿੰਦੇ ਹਨ ਤਾਂ ਉਨ੍ਹਾਂ ਨੂੰ ਪਹਿਲ ਮਿਲਣੀ ਤੈਅ ਹੈ।