ਕ੍ਰਿਕਟ ਦੇ ਮਸੀਹਾ ਵੀ ਨਹੀਂ ਬਣਾ ਸਕੇ ਇਹ ਰਿਕਾਰਡ, ਪਰ ਇਸ ਬੱਲੇਬਾਜ਼ ਨੇ ਰਚ ਦਿੱਤਾ ਇਤਿਹਾਸ

09/04/2017 10:13:52 AM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ 5ਵੇਂ ਅਤੇ ਆਖਰੀ ਵਨਡੇ ਵਿਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਭਾਵੇਂ ਹੀ ਕੋਈ ਖਾਸ ਕਮਾਲ ਨਾ ਕਰ ਪਾਏ, ਪਰ ਬਾਵਜੂਦ ਇਸਦੇ ਉਨ੍ਹਾਂ ਨੇ ਇਕ ਅਜਿਹਾ ਰਿਕਾਰਡ ਬਣਾ ਲਿਆ ਹੈ ਜੋ ਹੁਣ ਤਕ ਕੋਈ ਵੀ ਭਾਰਤੀ ਬੱਲੇਬਾਜ ਨਹੀਂ ਬਣਾ ਸਕਿਆ ਹੈ। ਰੋਹਿਤ ਸ਼ਰਮਾ ਸ਼੍ਰੀਲੰਕਾ ਵਿਚ ਖੇਡੀ ਗਈ ਬਾਈਲੇਟਰਲ ਸੀਰੀਜ ਦੌਰਾਨ 300 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਬਣੇ ਪਹਿਲੇ ਭਾਰਤੀ ਬੱਲੇਬਾਜ
ਇਸ ਤੋਂ ਪਹਿਲਾਂ ਅੱਜ ਤੱਕ ਕੋਈ ਭਾਰਤੀ ਬੱਲੇਬਾਜ ਸ਼੍ਰੀਲੰਕਾ ਵਿਚ ਇਕ ਸੀਰੀਜ ਦੌਰਾਨ 300 ਦੌੜਾਂ ਨਹੀਂ ਬਣਾ ਸਕਿਆ ਸੀ ਪਰ ਰੋਹਿਤ ਨੇ ਇਹ ਕਾਰਨਾਮਾ ਕਰ ਵਿਖਾਇਆ ਹੈ। ਰੋਹਿਤ ਨੇ ਸੀਰੀਜ ਦੌਰਾਨ 5 ਮੈਚਾਂ ਵਿਚ 75.50 ਦੀ ਔਸਤ ਨਾਲ 302 ਦੌੜਾਂ ਬਣਾਈਆਂ। ਉਨ੍ਹਾਂ ਨੇ ਦੋ ਸੈਂਕੜੇ ਅਤੇ ਇਕ ਅਰਧ ਸੈਕੜਾ ਵੀ ਬਣਾਇਆ। ਇਸਦੇ ਇਲਾਵਾ ਦੁਨੀਆ ਵਿਚ ਸਿਰਫ ਇੰਗਲੈਂਡ ਦੇ ਬੱਲੇਬਾਜ਼ ਜੋ ਰੂਟ ਹੀ 300 ਦੌੜਾਂ ਦਾ ਅੰਕੜਾ ਛੂਹ ਸਕੇ ਹਨ। ਸਿਰਫ ਰੋਹਿਤ ਸ਼ਰਮਾ ਹੀ ਇਸ ਤਰ੍ਹਾਂ ਦਾ ਰਿਕਾਰਡ ਬਣਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਹਨ।
ਸੀਰੀਜ਼ ਉੱਤੇ ਕਬਜਾ
ਜ਼ਿਕਰਯੋਗ ਹੈ ਕਿ ਭਾਰਤ ਨੇ ਸ਼੍ਰੀਲੰਕਾ ਨੂੰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿਚ ਐਤਵਾਰ (3 ਸਤੰਬਰ) ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਸੀਰੀਜ਼ ਉੱਤੇ 5-0 ਨਾਲ ਕਬਜ਼ਾ ਜਮਾਂ ਲਿਆ ਹੈ। ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਸ਼੍ਰੀਲੰਕਾ ਨੇ ਭਾਰਤ ਸਾਹਮਣੇ 239 ਦੌੜਾਂ ਦਾ ਟੀਚਾ ਰੱਖਿਆ ਸੀ ਜਿਸਨੂੰ ਭਾਰਤ ਨੇ 46.3 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ।