ਅਨੁਸ਼ਕਾ ਭੜਕੀ ਤਾਂ ਫਾਰੂਖ ਇੰਜੀਨੀਅਰ ਨੇ ਬਦਲੇ ਆਪਣੇ ਸੁਰ, ਦਿੱਤਾ ਇਹ ਬਿਆਨ

11/01/2019 11:51:36 AM

ਸਪੋਰਟਸ ਡੈਸਕ— ਸਾਬਕਾ ਕ੍ਰਿਕਟਰ ਫਾਰੂਖ ਇੰਜੀਨੀਅਰ ਨੇ ਆਪਣੇ ਉਸ ਬਿਆਨ 'ਤੇ ਅਫਸੋਸ ਜਤਾਇਆ ਹੈ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤੀ ਚੋਣਕਰਤਾ ਵਿਸ਼ਵ ਕੱਪ ਦੇ ਦੌਰਾਨ ਅਨੁਸ਼ਕਾ ਸ਼ਰਮਾ ਲਈ ਚਾਹ ਦਾ ਪ੍ਰਬੰਧ ਕਰ ਰਹੇ ਸਨ। ਦਰਅਸਲ, ਫਾਰੂਖ ਨੇ ਭਾਰਤੀ ਚੋਣ ਪੈਨਲ ਦੀ ਤਜਰਬੇ ਦੀ ਕਮੀ ਦੀ ਨਿੰਦਾ ਕੀਤੀ ਸੀ। ਫਾਰੂਖ ਨੇ ਕਿਹਾ ਸੀ ਕਿ ਵਿਸ਼ਵ ਕੱਪ ਦੇ ਦੌਰਾਨ ਭਾਰਤੀ ਬਲੇਜ਼ਰ 'ਚ ਕੁਝ ਲੋਕਾਂ ਨੂੰ ਉਹ ਪਛਾਣ ਨਹੀਂ ਸਕੇ ਸਨ। ਜਦੋਂ ਉਨ੍ਹਾਂ ਨੇ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਚੋਣਕਾਰ ਹੈ।

ਜਦਕਿ ਫਾਰੂਖ ਵੱਲੋਂ ਤੰਜ ਮਾਰਨ 'ਤੇ ਅਨੁਸ਼ਕਾ ਸ਼ਰਮਾ ਨਾਰਾਜ਼ ਹੋ ਗਈ ਸੀ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਬਿਆਨ ਲਿਖ ਕੇ ਫਾਰੂਖ ਤੋਂ ਬਿਨਾਂ ਤੱਥਾਂ ਦੇ ਅਜਿਹੀ ਬਿਆਨਬਾਜ਼ੀ ਕਰਨ ਤੋਂ ਰੁਕਣ ਦੀ ਗੱਲ ਕਹੀ ਸੀ। ਅਨੁਸ਼ਕਾ ਨੇ ਲਿਖਿਆ ਸੀ- ਜੇਕਰ ਤੁਸੀਂ (ਫਾਰੂਖ ਇੰਜੀਨੀਅਰ) ਚੋਣ ਕਮੇਟੀ ਅਤੇ ਉਸ ਦੀ ਯੋਗਤਾ 'ਤੇ ਟਿੱਪਣੀ ਕਰਨਾ ਚਾਹੁੰਦੇ ਹਨ, ਤਾਂ ਕਿਰਪਾ ਕਰਕੇ ਆਪਣੀ ਰਾਏ ਮੁਤਾਬਕ ਅਜਿਹਾ ਕਰੋ ਪਰ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਜਾਂ ਆਪਣੀ ਗੱਲ ਕਹਿਣ ਲਈ ਮੇਰਾ ਨਾਂ ਇਸ 'ਚ ਨਾ ਲਵੋ। ਮੈਂ ਇਸ ਤਰ੍ਹਾਂ ਦੀ ਗੱਲਬਾਤ 'ਚ ਆਪਣੇ ਨਾਂ ਦੀ ਵਰਤੋਂ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦੀ। ਅਗਲੀ ਵਾਰ ਜਦੋਂ ਤੁਸੀਂ ਬੋਰਡ ਜਾਂ ਕਿਸੇ ਹੋਰ ਨੂੰ ਜਾਂ ਮੇਰੇ ਪਤੀ ਨੂੰ ਬਦਨਾਮ ਕਰਨ ਲਈ ਮੇਰੇ ਨਾਂ ਦੀ ਵਰਤੋਂ ਕਰਨਾ ਚਾਹੋਗੇ ਤਾਂ ਇਸ ਨੂੰ ਤੱਥਾਂ ਅਤੇ ਸਬੂਤਾਂ ਨਾਲ ਕਰੋ ਅਤੇ ਮੈਨੂੰ ਛੱਡ ਦਿਓ।

ਦੂਜੇ ਪਾਸੇ ਅਨੁਸ਼ਕਾ ਦੇ ਇਸ ਤਲਖ਼ ਲਹਿਜ਼ੇ ਦੇ ਬਾਅਦ ਫਾਰੂਖ ਨੇ ਇਕ ਟੀ. ਵੀ. ਇੰਟਰਵਿਊ 'ਚ ਆਪਣੀ ਗਲਤੀ ਮੰਨ ਲਈ। ਉਨ੍ਹਾਂ ਕਿਹਾ- ਮੈਂ ਮਜ਼ਾਕ ਦੇ ਤੌਰ 'ਤੇ ਕਿਹਾ ਸੀ ਅਤੇ ਇਸ ਨੂੰ ਇਕ ਪਹਾੜ ਦੀ ਤਰ੍ਹਾਂ ਬਣਾ ਦਿੱਤਾ ਗਿਆ। ਅਨੁਸ਼ਕਾ ਨੂੰ ਇਸ 'ਚ ਜ਼ਬਰਦਸਤੀ ਖਿੱਚ ਲਿਆ ਗਿਆ ਹੈ, ਉਹ ਇਕ ਪਿਆਰੀ ਲੜਕੀ ਹੈ। ਵਿਰਾਟ ਕੋਹਲੀ ਇਕ ਸ਼ਾਨਦਾਰ ਕਪਤਾਨ ਹੈ ਅਤੇ ਕੋਚ ਰਵੀ ਸ਼ਾਸਤਰੀ ਬੇਹੱਦ ਚੰਗੇ ਹਨ। ਪੂਰੇ ਮਾਮਲੇ ਨੂੰ ਬੇਵਜ੍ਹਾ ਹਵਾ ਦਿੱਤੀ ਜਾ ਰਹੀ ਹੈ। ਪੂਰਾ ਮਾਮਲਾ ਉਨ੍ਹਾਂ ਚੋਣਕਾਰਾਂ ਦੇ ਰੂਪ 'ਚ ਬਾਹਰ ਆਇਆ ਹੈ ਜਿਨ੍ਹਾਂ ਨੇ ਭਾਰਤੀ ਬਲੇਜ਼ਰ ਪਹਿਨਿਆ ਹੋਇਆ ਸੀ।

Tarsem Singh

This news is Content Editor Tarsem Singh