BCCI ਦੇ ਸਾਬਕਾ ਮੁਖੀ ਅਨੁਰਾਗ ਠਾਕੁਰ ਨੇ ਲੱਦਾਖ 'ਚ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਕੀਤਾ ਐਲਾਨ

09/16/2019 6:30:41 PM

ਸਪੋਰਟਸ ਡੈਸਕ : ਬੀ. ਸੀ. ਸੀ. ਆਈ. ਦੇ ਮੁਖੀ ਰਹਿ ਚੁੱਕੇ ਅਨੁਰਾਗ ਠਾਕੁਰ ਨੇ ਲੱਦਾਖ ਵਿਚ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਐਲਾਨ ਕੀਤਾ ਹੈ। ਅਨੁਰਾਗ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਿਚ ਮੰਤਰੀ ਹਨ। ਅਨੁਰਾਗ ਇਸ ਸਮੇਂ ਜੰਮੂ ਕਸ਼ਮੀਰ ਦੌਰੇ 'ਤੇ ਹਨ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਹ ਐਲਾਨ ਕੀਤਾ। ਅਨੁਰਾਗ ਨੇ ਕਿਹਾ ਕ੍ਰਿਕਟ ਨੂੰ ਲੈ ਕੇ ਲੋਕਾਂ ਵਿਚ ਕਾਫੀ ਦੀਵਾਨਗੀ ਹੈ। ਅਜਿਹੇ 'ਚ ਲੱਦਾਖ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਹ ਅਕੈਡਮੀ ਖੋਲ੍ਹਣ ਦੀ ਜ਼ਰੂਰਤ ਸਮਝੀ ਗਈ ਹੈ। ਇਸ ਅਕੈਡਮੀ ਵਿਚ ਨਾ ਸਿਰਫ ਕੌਮਾਂਤਰੀ ਪੱਧਰ ਦੀਆਂ ਸਹੂਲਤਾ ਹੋਣਗੀਆਂ ਸਗੋਂ ਨਾਮੀ ਕੋਚ ਵੀ ਹਰ ਤਰ੍ਹਾਂ ਦੀ ਟ੍ਰੇਨਿੰਗ ਦੇਣਗੇ। ਕੋਸ਼ਿਸ਼ ਰਹੇਗੀ ਕਿ ਅਕੈਡਮੀ ਵਿਚ ਠਹਿਰਣ ਦੀ ਸਹੂਲਤ ਵੀ ਚੰਗੇ ਤਰੀਕੇ ਨਾਲ ਰੱਖੀ ਜਾਵੇ।

ਦੱਸ ਦਈਏ ਕਿ ਅਨੁਰਾਗ ਦਾ ਜਨਮ ਹਮੀਰਪੁਰ ਵਿਚ ਤਾਂ ਪੜਾਈ ਪੰਜਾਬ ਦੇ ਜਲੰਧਰ ਵਿਚ ਹੋਈ ਸੀ। ਉਹ ਫਰਸਟ ਕਲਾਸ ਕ੍ਰਿਕਟ ਵੀ ਖੇਡ ਚੁੱਕੇ ਹਨ ਜਿਸ ਵਿਚ ਉਨ੍ਹਾਂ ਨੂੰ 2 ਵਿਕਟਾਂ ਮਿਲੀਆਂ ਸੀ। ਅਨੁਰਾਗ ਦੇ ਕਾਰਜਕਾਲ ਦੌਰਾਨ ਹੀ ਧਰਮਸ਼ਾਲਾ ਵਿਚ ਕ੍ਰਿਕਟ ਜਗਤ ਦੇ ਸਭ ਤੋਂ ਉੱਚੇ ਸਟੇਡੀਅਮਾਂ ਵਿਚੋਂ ਇਕ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਬਣਾਇਆ ਗਿਆ ਸੀ।