ਆਨੰਦ ਨੂੰ ਦੂਜਾ ਝਟਕਾ, ਨੇਪੋਮਨਿਆਚੀ ਤੋਂ ਹਾਰਿਆ

12/10/2017 10:36:05 PM

ਲੰਡਨ— ਗ੍ਰੈਂਡ ਚੈੱਸ ਟੂਰ ਦੇ ਹਿੱਸੇ ਲੰਡਨ ਕਲਾਸਿਕ ਸ਼ਤਰੰਜ ਦੇ ਸੱਤਵੇਂ ਰਾਊਂਡ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੂੰ ਚੈਂਪੀਅਨਸ਼ਿਪ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰੂਸ ਦੇ ਇਯਾਨ ਨੇਪੋਮਨਿਆਚੀ ਵਿਰੁੱਧ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਇੰਗਲਿਸ਼ ਓਪਨਿੰਗ ਵਿਚ ਹੋਏ ਇਸ ਮੁਕਾਬਲੇ ਵਿਚ ਆਨੰਦ ਨੂੰ 37 ਚਾਲਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਆਪਣੇ ਰਾਜੇ ਨੂੰ ਕੇਂਦਰ 'ਚ ਰੱਖਦੇ ਹੋਏ ਕਿਲੇਬੰਦੀ ਕਰ ਚੁੱਕੇ ਆਨੰਦ ਦੇ ਰਾਜਾ ਵਲੋਂ ਨੇਪੋਮਨਿਆਚੀ ਨੇ ਖੇਡ ਦੀ 7ਵੀਂ ਚਾਲ ਤੋਂ ਹੀ ਹਮਲਾ ਕਰ ਦਿੱਤਾ, ਜਿਸ ਦੇ ਜਵਾਬ ਵਿਚ ਆਨੰਦ ਨੇ ਬੇਹੱਦ ਸੰਤੁਲਿਤ ਸ਼ੁਰੂਆਤ ਕੀਤੀ ਤੇ ਖੇਡ ਦੀ 30ਵੀਂ ਚਾਲ ਤਕ ਖੇਡ ਇਕਦਮ ਬਰਾਬਰੀ 'ਤੇ ਚੱਲ ਰਹੀ ਸੀ ਪਰ ਉਸ ਤੋਂ ਬਾਅਦ ਆਨੰਦ ਨੇ ਲਗਾਤਾਰ ਕੁਝ ਗਲਤ ਚਾਲਾਂ ਨਾਲ ਮੈਚ ਗੁਆ ਦਿੱਤਾ। ਹੁਣ ਉਮੀਦ ਹੈ ਕਿ ਉਹ ਆਪਣੇ ਬਚੇ ਹੋਏ ਦੋ ਮੁਕਾਬਲਿਆਂ ਵਿਚ ਜ਼ੋਰਦਾਰ ਵਾਪਸੀ ਕਰੇਗਾ। 
ਹੋਰਨਾਂ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੋ ਨਤੀਜੇ ਸਾਹਮਣੇ ਆਏ। ਜਿਥੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸ ਨੇ ਆਪਣੀ ਪਹਿਲੀ ਜਿੱਤ ਦਰਜ ਕਰਦਿਆਂ ਇੰਗਲੈਂਡ ਦੇ ਧਾਕੜ ਮਾਈਕਲ ਐਡਮਸ ਨੂੰ ਹਰਾਇਆ ਤਾਂ ਉਥੇ ਹੀ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਰੂਸ ਦੇ ਸੇਰਜੀ ਕਰਜ਼ਾਕਿਨ ਨੂੰ ਹਾਰ ਦਾ ਸਵਾਦ ਚਖਾਇਆ। ਹਾਲਾਂਕਿ ਦੇਖਣਯੋਗ ਗੱਲ ਇਹ ਹੈ ਕਿ ਆਨੰਦ, ਐਡਮਸ ਤੇ ਕਰਜ਼ਾਕਿਨ ਤਿੰਨੋਂ ਦੀ ਹੀ ਟੂਰਨਾਮੈਂਟ ਵਿਚ ਇਹ ਦੂਜੀ-ਦੂਜੀ ਹਾਰ ਹੈ। ਹੋਰਨਾਂ ਦੋ ਮੈਚਾਂ ਵਿਚ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਤੇ ਵੇਸਲੀ ਸੋ ਵਿਚਾਲੇ ਅਤੇ ਅਰਮੀਨੀਆ ਦੇ ਲੇਵਾਨ ਆਰੋਨੀਅਨ ਤੇ ਅਮਰੀਕਾ ਦੇ ਨਾਕਾਮੁਰਾ ਵਿਚਾਲੇ ਖੇਡੇ ਗਏ ਮੁਕਾਬਲੇ ਡਰਾਅ ਰਹੇ। 
7 ਰਾਊਂਡਜ਼ ਤੋਂ ਬਾਅਦ ਕਾਰੂਆਨਾ ਤੇ ਨੇਪੋਮਨਿਆਚੀ 4.5 ਅੰਕ ਬਣਾ ਕੇ ਪਹਿਲੇ ਸਥਾਨ 'ਤੇ, ਕਾਰਲਸਨ ਤੇ ਮੈਕਸਿਮ 4 ਅੰਕ ਬਣਾ ਕੇ ਦੂਜੇ ਸਥਾਨ 'ਤੇ, ਵੇਸਲੀ, ਆਰੋਨੀਅਨ ਤੇ ਨਾਕਾਮੁਰਾ 3.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ, ਜਦਕਿ ਆਨੰਦ, ਐਡਮਸ ਤੇ ਕਰਜ਼ਾਕਿਨ ਤਿੰਨੋਂ ਹੀ 2.5 ਅੰਕ ਬਣਾ ਕੇ ਆਖਰੀ ਸਥਾਨ 'ਤੇ ਚੱਲ ਰਹੇ ਹਨ।