ਅੰਕਿਤਾ ਰੈਨਾ ਦੀ 2 ਜਿੱਤ ਨਾਲ ਭਾਰਤ ਨੇ ਫੈੱਡ ਕੱਪ ''ਚ ਰਚਿਆ ਇਤਿਹਾਸ

03/08/2020 10:40:37 PM

ਦੁਬਈ— ਭਾਰਤੀ ਫੈੱਡ ਕੱਪ ਟੀਮ ਨੇ ਅੰਕਿਤਾ ਰੈਨਾ ਦੀ ਬਦੌਲਤ ਇਥੇ ਇੰਡੋਨੇਸ਼ੀਆ 'ਤੇ 2-1 ਦੀ ਜਿੱਤ ਨਾਲ ਪਹਿਲੀ ਵਾਰ ਪਲੇਅ ਆਫ ਵਿਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ। ਅੰਕਿਤਾ ਨੇ ਸ਼ਨੀਵਾਰ ਨੂੰ ਅਲਡਿਲਾ ਸੁਤਜਿਆਦੀ ਵਿਰੁੱਧ ਅਹਿਮ ਸਿੰਗਲਜ਼ ਜਿੱਤ ਨਾਲ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ ਸੀ। ਉਸ ਤੋਂ ਪਹਿਲਾਂ ਰੁਤੂਜਾ ਭੋਸਲੇ ਨੂੰ ਪ੍ਰਿਸਕਾ ਮਾਡੇਲਿਨ ਨੁਗਰੋਹੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਈ. ਟੀ. ਐੱਫ. ਜੂਨੀਅਰ ਸਰਕਟ ਵਿਚ 15ਵੀਂ  ਰੈਂਕਿੰਗ 'ਤੇ ਕਾਬਜ਼ 16 ਸਾਲਾ ਇੰਡੋਨੇਸ਼ੀਆਈ ਖਿਡਾਰਨ ਨੇ ਰੁਤੂਜਾ ਨੂੰ ਇਕ ਘੰਟੇ 43 ਮਿੰਟ ਵਿਚ ਹਰਾ ਦਿੱਤਾ। ਭਾਰਤੀ ਖਿਡਾਰੀ ਨੂੰ 2-5, 6-0, 3-6 ਨਾਲ ਹਾਰ ਮਿਲੀ।
ਫਿਰ ਅੰਕਿਤਾ ਨੇ ਸੁਤਜਿਆਦੀ ਨੂੰ ਦੂਜੇ ਸਿੰਗਲਜ਼ ਵਿਚ 6-3, 6-3 ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਉਸ ਨੇ ਅਤੇ ਸਾਨੀਆ ਮਿਰਜ਼ਾ ਨੇ ਡਬਲਜ਼ ਮੁਕਾਬਲੇ ਵਿਚ ਸੁਤਜਿਆਦੀ ਤੇ ਨੁਗਰੋਹੋ ਦੀ ਜੋੜੀ ਨੂੰ 7-6, 6-0 ਨਾਲ ਹਰਾ ਕੇ ਭਾਰਤ ਦਾ ਪਲੇਅ ਆਫ ਵਿਚ ਸਥਾਨ ਪੱਕਾ ਕੀਤਾ, ਜਿਥੇ ਅਪ੍ਰੈਲ 'ਚ ਟੀਮ ਦਾ ਸਾਹਮਣਾ ਲਾਤੀਵੀਆ ਤੇ ਨੀਦਰਲੈਂਡ ਵਿਚਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।

PunjabKesari
ਭਾਰਤ ਇਸ ਤਰ੍ਹਾਂ ਛੇ ਟੀਮਾਂ ਦੇ ਗਰੁੱਪ ਵਿਚ ਲਗਾਤਾਰ ਚਾਰ ਜਿੱਤਾਂ ਨਾਲ ਦੂਜੇ ਸਥਾਨ 'ਤੇ ਰਿਹਾ। ਉਸ ਨੂੰ ਚੀਨ ਤੋਂ ਸ਼ੁਰੂਆਤੀ ਮੁਕਾਬਲੇ ਵਿਚ ਹਾਰ ਮਿਲੀ ਸੀ। ਚੀਨ ਨੇ ਟੂਰਨਾਮੈਂਟ ਵਿਚ ਇਕ ਵੀ ਮੈਚ ਨਹੀਂ ਗੁਆਇਆ ਸੀ। ਸਾਲ 2016 ਵਿਚ ਏਸ਼ੀਆ/ਓਸਨੀਆ ਗਰੁੱਪ-1 ਵਿਚ ਵਾਪਸੀ ਤੋਂ ਬਾਅਦ ਭਾਰਤ ਖੇਤਰੀ ਗਰੁੱਪ ਵਿਚ ਹੀ ਬਣਿਆ ਰਿਹਾ ਸੀ ਪਰ ਅੰਕਿਤਾ ਦੇ ਪ੍ਰਦਰਸ਼ਨ ਨਾਲ ਚੀਜ਼ਾਂ ਵਿਚ ਸੁਧਾਰ ਸ਼ੁਰੂ ਹੋਇਆ। ਸਾਨੀਆ ਦੀ ਚਾਰ ਸਾਲ ਬਾਅਦ ਫੈੱਡ ਕੱਪ ਵਿਚ ਵਾਪਸੀ ਨਾਲ ਵੀ ਭਾਰਤੀ ਟੀਮ ਨੂੰ ਮਦਦ ਮਿਲੀ ਕਿਉਂਕਿ ਉਸਦੀ ਮੌਜੂਦਗੀ ਤੇ ਮਾਰਗ ਦਰਸ਼ਨ ਨਾਲ ਖਿਡਾਰੀਆਂ ਨੂੰ ਕਾਫੀ ਫਾਇਦਾ ਮਿਲਿਆ। ਭਾਰਤ ਦਾ ਗੈਰ ਖਿਡਾਰੀ ਕਪਤਾਨ ਵਿਸ਼ਾਲ ਉੱਪਲ ਨਤੀਜੇ ਤੋਂ ਖੁਸ਼ ਸੀ।


Gurdeep Singh

Content Editor

Related News