B'Day Spcl : ਜਦੋਂ ਕੁੰਬਲੇ ਨੇ ਇਕੱਲੇ ਹੀ ਆਲ ਆਊਟ ਕਰ ਦਿੱਤੀ ਸੀ ਪਾਕਿ ਟੀਮ

10/17/2019 3:14:33 PM

ਨਵੀਂ ਦਿੱਲੀ— ਕ੍ਰਿਕਟ ਦੇ ਇਤਿਹਾਸ 'ਚ ਮਸ਼ਹੂਰ ਸਾਬਕਾ ਭਾਰਤੀ ਸਪਿਨਰ ਅਨਿਲ ਕੁੰਬਲੇ ਅੱਜ ਭਾਵ 17 ਅਕਤੂਬਰ ਨੂੰ ਆਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ। ਕਰਨਾਟਕ 'ਚ ਜੰਮੇ ਕੁੰਬਲੇ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਬਣਾਏ ਹਨ। ਜ਼ਿਕਰਯੋਗ ਹੈ ਕਿ ਕੁੰਬਲੇ ਨੇ ਆਪਣਾ ਕ੍ਰਿਕਟ ਡੈਬਿਊ ਸਾਲ 1990 'ਚ ਸ਼੍ਰੀਲੰਕਾ ਖਿਲਾਫ ਕੀਤਾ ਸੀ। ਅੱਜ ਅਸੀਂ ਤੁਹਾਨੂੰ ਕੁੰਬਲੇ ਦੇ ਕ੍ਰਿਕਟ ਕਰੀਅਰ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।

ਜਦੋਂ ਕੁੰਬਲੇ ਨੇ ਇਕੱਲੇ ਹੀ ਸਾਰੀ ਪਾਕਿ ਕ੍ਰਿਕਟ ਟੀਮ ਨੂੰ ਭੇਜਿਆ ਪਵੇਲੀਅਨ


ਕ੍ਰਿਕਟ ਜਗਤ 'ਚ ਇਕ ਦੌਰ ਅਜਿਹਾ ਵੀ ਸੀ ਜਦੋਂ ਪਾਕਿਸਤਾਨ ਟੀਮ ਦਾ ਦਬਦਬਾ ਸੀ। ਉਸ ਸਮੇਂ ਭਾਰਤੀ ਟੀਮ ਵੀ ਪਾਕਿ ਟੀਮ ਤੋਂ ਲੋਹਾ ਨਹੀਂ ਲੈ ਪਾਉਂਦੀ ਸੀ। ਪਾਕਿਸਤਾਨ ਦੀ ਟੀਮ ਨੇ ਉਸ ਦੌਰਾਨ ਕਈ ਰਿਰਾਰਡ ਬਣਾਏ ਸਨ। ਪਰ ਜੋ ਰਿਕਾਰਡ ਭਾਰਤੀ ਟੀਮ ਦੇ ਸਾਬਕਾ ਸਪਿਨਰ ਅਨਿਲ ਕੁੰਬਲੇ ਨੇ ਪਾਕਿਸਤਾਨ ਖਿਲਾਫ ਬਣਾਇਆ ਉਹ ਸ਼ਾਇਦ ਹੀ ਇਤਿਹਾਸ 'ਚ ਕਦੀ ਬਣੇ।

ਦਰਅਸਲ, ਅਨਿਲ ਕੁੰਬਲੇ ਨੇ ਇੱਕਲੇ ਪਾਕਿਸਤਾਨ ਟੀਮ ਨੂੰ ਪਵੇਲੀਅਨ ਭੇਜ ਦਿੱਤਾ ਸੀ। ਜੀ ਹਾਂ, ਸਾਲ 1999 'ਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ (ਹੁਣ ਅਰੁਣ ਜੇਟਲੀ ਸਟੇਡੀਅਮ) 'ਚ ਪਾਕਿ ਖਿਲਾਫ ਖੇਡੇ ਗਏ ਦੋ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਅਤੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ ਅਨਿਲ ਕੁੰਬਲੇ ਨੇ ਸਾਰੇ ਕ੍ਰਿਕਟ ਜਗਤ ਨੂੰ ਹੈਰਾਨ ਕਰਦੇ ਹੋਏ 10 ਵਿਕਟ ਝਟਕੇ। ਇਸੇ ਦਮਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਪਾਕਿਸਤਾਨ ਨੂੰ 212 ਦੌੜਾਂ ਦੇ ਫਰਕ ਨਾਲ ਹਰਾਇਆ ਸੀ। ਅਜਿਹਾ ਪਹਿਲੀ ਵਾਰ ਹੀ ਨਹੀਂ ਹੋਇਆ। ਕੁੰਬਲੇ ਤੋਂ ਪਹਿਲਾਂ 1956 'ਚ ਇਹ ਕਮਾਲ ਹੋ ਚੁੱਕਾ ਸੀ। ਇੰਗਲੈਂਡ ਟੀਮ ਦੇ ਗੇਂਦਬਾਜ਼ ਜਿਮ ਲੇਕਰ ਨੇ ਆਸਟਰੇਲੀਆ ਖਿਲਾਫ ਮੈਨਚੈਸਟਰ ਟੈਸਟ ਮੈਚ ਦੀ ਇਕ ਪਾਰੀ 'ਚ 10 ਵਿਕਟ ਝਟਕੇ ਸਨ। ਹਾਲਾਂਕਿ ਅਨਿਲ ਕੁੰਬਲੇ ਨੇ ਜਿਮ ਲੇਕਰ ਤੋਂ ਕਾਫੀ ਘੱਟ ਓਵਰਾਂ 'ਚ ਇਹ ਕਮਾਲ ਕੀਤਾ ਸੀ।

ਜਦੋਂ ਟੁੱਟਿਆ ਕੁੰਬਲੇ ਦਾ ਜਬੜਾ


2002 'ਚ ਭਾਰਤੀ ਟੀਮ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਵੈਸਟਇੰਡੀਜ਼ ਦੇ ਦੌਰੇ 'ਤੇ ਗਈ। ਇੱਥੇ ਭਾਰਤ ਨੂੰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਸੀ। ਇਸੇ ਸੀਰੀਜ਼ ਦੇ ਚੌਥੇ ਟੈਸਟ ਮੈਚ 'ਚ ਇਕ ਅਜਿਹਾ ਸਮਾਂ ਆਇਆ ਜਦੋਂ ਲੈੱਗ ਸਪਿਨਰ ਗੇਂਦਬਾਜ਼ ਅਨਿਲ ਕੁੰਬਲੇ ਦਾ ਜਬੜਾ ਟੁੱਟ ਗਿਆ। ਬਾਵਜੂਦ ਇਸ ਦੇ ਅਨਿਲ ਕੁੰਬਲੇ ਨੇ ਗੇਂਦਬਾਜ਼ੀ ਕੀਤੀ ਅਤੇ ਮਹਾਨ ਬ੍ਰਾਇਨ ਲਾਰਾ ਨੂੰ ਐੱਲ.ਬੀ.ਡਲਿਊ ਆਊਟ ਕਰ ਦਿੱਤਾ। ਇਸ ਬਹਾਦਰੀ ਲਈ ਅੱਜ ਵੀ ਉਨ੍ਹਾਂ ਨੂੰ ਸਲਾਮ ਕੀਤਾ ਜਾਂਦਾ ਹੈ। ਹਾਲਾਂਕਿ ਮੈਚ ਡਰਾਅ ਹੋ ਗਿਆ ਸੀ।

ਤਲਾਕਸ਼ੁਦਾ ਮਹਿਲਾ ਨਾਲ ਕੀਤਾ ਸੀ ਵਿਆਹ


ਅਨਿਲ ਕੁੰਬਲੇ ਨੇ ਜੁਲਾਈ 1999 'ਚ ਤਲਾਕਸ਼ੁਦਾ ਮਹਿਲਾ ਚੇਤਨਾ ਨਾਲ ਵਿਆਹ ਕੀਤਾ ਸੀ। ਚੇਤਨਾ ਦਾ ਆਪਣੇ ਪਤੀ ਨਾਲਤਣਾਅ ਰਹਿੰਦਾ ਸੀ, ਜਿਸ ਕਾਰਨ ਉਹ ਇਕ ਦੂਜੇ ਤੋਂ ਅਲਗ ਰਹਿੰਦੇ ਸਨ। ਇਸੇ ਵਿਚਾਲੇ ਅਨਿਲ ਕੁੰਬਲੇ ਨੂੰ ਚੇਤਨਾ ਚੰਗੀ ਲੱਗੀ ਅਤੇ ਉਨ੍ਹਾਂ ਨੇ ਪਿਆਰ ਦਾ ਇਜ਼ਹਾਰ ਕੀਤਾ, ਪਰ ਉਹ ਚੇਤਨਾ ਦਾ ਵਿਆਹ ਦਾ ਤਜਰਬਾ ਬਹੁਤ ਖਰਾਬ ਸੀ। ਬਾਅਦ 'ਚ ਚੇਤਨਾ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਅਤੇ ਕੁੰਬਲੇ ਨਾਲ ਵਿਆਹ ਕਰ ਲਿਆ। ਚੇਤਨਾ ਦੇ ਪਹਿਲੇ ਤੋਂ ਹੀ ਇਕ ਧੀ ਸੀ, ਜਿਸ ਦੀ ਕਸਟਡੀ ਲਈ ਉਨ੍ਹਾਂ ਦੋਹਾਂ ਨੂੰ ਕੋਰਟ ਦੇ ਚੱਕਰ ਲਗਾਉਣੇ ਪਏ। ਸਾਲਾਂ ਤਕ ਕੋਰਟ ਦੇ ਚੱਕਰ ਲਾਉਣ ਦੇ ਬਾਅਦ ਚੇਤਨਾ ਅਤੇ ਅਨਿਲ ਨੂੰ ਧੀ ਦੀ ਕਸਟਡੀ ਮਿਲ ਗਈ।

ਭਾਰਤ ਲਈ ਕੁੰਬਲੇ ਦੇ ਰਿਕਾਰਡ


ਅੱਜ ਤੋਂ 11 ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਅਨਿਲ ਕੁੰਬਲੇ ਅੱਜ ਵੀ ਭਾਰਤੀ ਟੀਮ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਅਨਿਲ ਕੁੰਬਲੇ ਨੇ ਭਾਰਤ ਲਈ 956 ਕੌਮਾਂਤਰੀ ਵਿਕਟ ਝਟਕੇ ਹਨ। ਇੰਨਾ ਹੀ ਨਹੀਂ, ਵਨ-ਡੇ ਕੌਮਾਂਤਰੀ ਅਤੇ ਟੈਸਟ ਕ੍ਰਿਕਟ 'ਚ ਵੀ ਅਨਿਲ ਕੁੰਬਲੇ ਦੇ ਨਾਂ ਭਾਰਤੀ ਟੀਮ ਲਈ ਸਭ ਚੋਂ ਜ਼ਿਆਦਾ ਵਿਕਟ ਲੈਣ ਦਾ ਰਿਕਾਰਡ ਦਰਜ ਹੈ। ਅਨਿਲ ਕੁੰਬਲੇ ਨੇ ਟੈਸਟ ਮੈਚਾਂ 'ਚ 619 ਅਤੇ ਵਨ-ਡੇ 'ਚ 337 ਵਿਕਟ ਝਟਕੇ ਹਨ।

Tarsem Singh

This news is Content Editor Tarsem Singh