ਫਿਰ ਟੁੱਟੀ ਮਰੇ ਅਤੇ ਲੇਂਡਲ ਦੀ ਜੋੜੀ

11/18/2017 2:11:07 PM

ਲੰਡਨ, (ਬਿਊਰੋ)— ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਐਂਡੀ ਮਰੇ ਨੇ ਦੂਜੀ ਵਾਰ ਕੋਚ ਇਵਾਨ ਲੇਂਡਲ ਤੋਂ ਅਲਗ ਹੋਣ ਦਾ ਐਲਾਨ ਕੀਤਾ ਹੈ। ਇਸ ਦਿੱਗਜ ਟੈਨਿਸ ਖਿਡਾਰੀ ਦੀਆਂ ਨਜ਼ਰਾਂ ਹੁਣ 2018 ਸੈਸ਼ਨ ਦੇ ਲਈ ਪੂਰਨ ਫਿੱਟਨੈੱਸ ਹਾਸਲ ਕਰਨ 'ਤੇ ਟਿੱਕੀਆਂ ਹਨ। ਸਕਾਟਲੈਂਡ ਦੇ 30 ਸਾਲਾ ਦੇ ਮਰੇ ਨੇ ਆਪਣੇ ਸਾਰੇ ਗ੍ਰੈਂਡ ਸਲੈਮ ਖਿਤਾਬ ਲੇਂਡਲ ਦੇ ਮਾਰਗਦਰਸ਼ਨ 'ਚ ਜਿੱਤੇ ਹਨ। ਉਨ੍ਹਾਂ ਨੇ ਲੇਂਡਲ ਦੇ ਨਾਲ ਆਪਣੇ ਦੂਜੇ ਕਾਰਜਕਾਲ ਦੇ ਦੌਰਾਨ ਪਿਛਲੇ ਸਾਲ ਆਪਣਾ ਵਿੰਡਬਲਡਨ ਅਤੇ ਇਕ ਹੋਰ ਓਲੰਪਿਕ ਖਿਤਾਬ ਜਿੱਤਿਆ। 
ਲੇਂਡਲ ਦੇ ਨਾਲ ਦੋ ਸਾਂਝੇਦਾਰੀ ਦੇ ਦੌਰਾਨ ਮਰੇ ਨੇ ਤਿੰਨ ਗ੍ਰੈਂਡਸਲੈਮ, ਦੋ ਓਲੰਪਿਕ ਸੋਨ ਤਗਮੇ ਜਿੱਤੇ ਅਤੇ ਰੋਜਰ ਫੈਡਰਰ, ਰਾਫੇਲ ਨਡਾਲ ਅਤੇ ਨੋਵਾਕ ਜੋਕੋਵਿਚ ਜਿਹੇ ਦਿੱਗਜਾਂ ਨੂੰ ਪਛਾੜ ਕੇ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ। ਮਰੇ ਨੇ ਆਪਣੀ ਵੈੱਬਸਾਈਟ 'ਤੇ ਕਿਹਾ, ''ਮੈਂ ਸਾਲਾਂ ਤੋਂ ਮਿਲੀ ਮਦਦ ਅਤੇ ਮਾਰਗਦਰਸ਼ਨ ਦੇ ਲਈ ਇਵਾਨ ਦਾ ਸ਼ੁਕਰਗੁਜ਼ਾਰ ਹਾਂ। ਸਾਨੂੰ ਬਿਹਤਰੀਨ ਸਫਲਤਾ ਮਿਲੀ ਅਤੇ ਟੀਮ ਦੇ ਰੂਪ 'ਚ ਅਸੀਂ ਬਹੁਤ ਕੁਝ ਸਿੱਖਿਆ।'' ਉਨ੍ਹਾਂ ਕਿਹਾ, ''ਮੇਰਾ ਧਿਆਨ ਹੁਣ ਆਪਣੀ ਟੀਮ ਦੇ ਨਾਲ ਆਸਟਰੇਲੀਆ ਅਤੇ ਮੁਕਾਬਲੇਬਾਜ਼ੀ ਟੈਨਿਸ ਦੇ ਲਈ ਤਿਆਰ ਹੋਣ 'ਤੇ ਟਿੱਕਿਆ ਹੈ।''