ਐਂਡਰਸਨ ਤੇ ਬੇਅਰਸਟੋ ਦੀ ਦੱਖਣੀ ਅਫਰੀਕਾ ਦੌਰੇ ਲਈ ਇੰਗਲਿਸ਼ ਟੀਮ ''ਚ ਵਾਪਸੀ

12/09/2019 2:19:55 AM

ਲੰਡਨ- ਜੇਮਸ ਐਂਡਰਸਨ ਤੇ ਵਿਕਟਕੀਪਰ ਜਾਨੀ ਬੇਅਰਸਟੋ ਦੀ ਆਗਾਮੀ ਦੱਖਣੀ ਅਫਰੀਕਾ ਦੌਰੇ ਲਈ ਇੰਗਲੈਂਡ ਦੀ 17 ਮੈਂਬਰੀ ਕ੍ਰਿਕਟ ਟੀਮ ਵਿਚ ਵਾਪਸੀ ਹੋਈ ਹੈ। ਐਂਡਰਸਨ ਨੂੰ ਪਿੰਡਲੀ ਵਿਚ ਸੱਟ ਲੱਗ ਗਈ ਸੀ, ਜਿਸ ਤੋਂ ਉਭਰਨ ਤੋਂ ਬਾਅਦ ਉਹ ਟੀਮ ਵਿਚ ਵਾਪਸੀ ਕਰ ਰਹੇ ਹਨ, ਇਸ ਦੇ ਇਲਾਵਾ ਗੇਂਦਬਾਜ਼ ਮਾਰਕਵੁਡ ਤੇ ਵਿਕਟਕੀਪਰ ਬੇਅਰਸਟੋ ਵੀ ਵਾਪਸੀ ਕਰ ਰਿਹਾ ਹੈ। 37 ਸਾਲਾ ਐਂਡਰਸਨ ਇੰਗਲੈਂਡ ਦੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ, ਉਨ੍ਹਾ ਨੇ ਆਖਰੀ ਵਾਰ ਅਗਸਤ 'ਚ ਆਸਟਰੇਲੀਆ ਵਿਰੁੱਧ ਏਸ਼ੇਜ਼ ਸੀਰੀਜ਼ ਦਾ ਆਖਰੀ ਮੈਚ ਇੰਗਲੈਂਡ ਵਲੋਂ ਖੇਡਿਆ ਸੀ। ਉਹ ਇਸ ਮੈਚ 'ਚ ਚਾਰ ਹੀ ਓਵਰਾਂ ਤਕ ਗੇਂਦਬਾਜ਼ੀ ਕਰ ਸਕੇ ਸਨ ਤੇ ਉਸਤੋਂ ਬਾਅਦ ਹੀ ਟੀਮ ਤੋਂ ਬਾਹਰ ਹੋ ਗਏ ਸਨ। ਇੰਗਲੈਂਡ ਦੇ ਲਈ 69 ਟੈਸਟ ਖੇਡ ਚੁੱਕੇ ਬੇਅਰਸਟੋ ਨੂੰ ਹਾਲ ਦੇ ਨਿਊਜ਼ੀਲੈਂਡ ਟੈਸਟ ਦੌਰੇ ਤੋਂ ਬਾਹਰ ਰੱਖਿਆ ਗਿਆ ਸੀ ਪਰ ਦੱਖਣੀ ਅਫਰੀਕਾ ਦੌਰੇ ਵਿਚ ਉਸਦੀ ਵਾਪਸੀ ਹੋ ਰਹੀ ਹੈ। ਤੇਜ਼ ਗੇਂਦਬਾਜ਼ ਵੁਡ ਦੀ ਵੀ ਵਾਪਸੀ ਹੋ ਰਹੀ ਹੈ, ਜੋ 2-2 ਨਾਲ ਡਰਾਅ ਰਹੀ ਏਸ਼ੇਜ਼ 'ਚ ਗੋਢੇ ਦੀ ਸੱਟ ਕਾਰਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ। ਉਸ ਨੇ ਵਿਸ਼ਵ ਕੱਪ ਦੇ ਦੌਰਾਨ ਸੱਟ ਲੱਗ ਗਈ ਸੀ, ਜਿੱਥੇ ਟੀਮ ਪਹਿਲੀ ਵਾਰ ਜੇਤੂ ਬਣੀ ਸੀ। ਚਾਰ ਮੈਚਾਂ ਦੀ ਸੀਰੀਜ਼ ਦਾ ਓਪਨਿੰਗ ਮੈਚ ਸੈਂਚੁਰੀਅਨ 'ਚ 26 ਦਸੰਬਰ ਨੂੰ ਖੇਡਿਆ ਜਾਵੇਗਾ।
ਇੰਗਲਿਸ਼ ਟੀਮ ਇਸ ਤਰ੍ਹਾਂ ਹੈ : ਜੋ ਰੂਟ (ਕਪਤਾਨ), ਜੇਮਸ ਐਂਡਰਸਨ, ਜੋਫਰਾ ਆਰਚਰ, ਜਾਨੀ ਬੇਅਰਸਟੋ, ਸਟੂਅਰਟ ਬ੍ਰਾਡ, ਰੋਰੀ ਬਰਨਸ, ਜੋਸ ਬਟਲਰ, ਜਾਕ ਕ੍ਰਾਊਲੀ, ਸੈਮ ਕਿਊਰੇਨ, ਜੋ ਡੈਨਲੀ, ਜੈਕ ਲੀਚ, ਮੈਥਿਊ ਪਾਰਕਿੰਸਨ, ਓਲੀ ਪੋਪ, ਡੋਮਿਨਿਕ ਸਿਬਲੀ, ਬੇਨ ਸਟੋਕਸ, ਕ੍ਰਿਸ ਵੋਕਸ, ਮਾਰਕ ਵੁਡ।

Gurdeep Singh

This news is Content Editor Gurdeep Singh