ਜਰਮਨੀ ''ਚ ਫਸਿਆ ਆਂਚਲ ਠਾਕੁਰ ਦਾ ਭਰਾ, ਸਰਕਾਰ ਤੋਂ ਮਦਦ ਦੀ ਮੰਗ

01/15/2018 12:09:22 PM

ਨਵੀਂ ਦਿੱਲੀ, (ਬਿਊਰੋ)— ਅਗਲੇ ਮਹੀਨੇ ਹੋਣ ਵਾਲੇ ਸਰਦ ਰੁੱਤ ਦੇ ਓਲੰਪਿਕ ਦੇ ਕੁਆਲੀਫਾਇਰ ਮੁਕਾਬਲੇ 'ਚ ਹਿੱਸਾ ਲੈਣ ਦੇ ਲਈ ਅਲਪਾਈਨ ਸਕੀਅਰ ਹਿਮਾਂਸ਼ੂ ਠਾਕੁਰ ਨੇ ਸਰਕਾਰ ਤੋਂ ਮਦਦ ਮੰਗੀ ਹੈ। ਕੁਆਲੀਫਾਇਰ ਦਾ ਮੁਕਾਬਲਾ ਈਰਾਨ ਦੇ ਦਰਬੰਦਸਰ 'ਚ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਵੀਜ਼ਾ ਸਬੰਧੀ ਕਮੀਆਂ ਕਾਰਨ 24 ਸਾਲਾ ਹਿਮਾਂਸ਼ੂ ਆਪਣੇ ਕੋਚ ਦੇ ਨਾਲ ਜਰਮਨੀ ਦੇ ਫਰੈਂਕਫਰਟ 'ਚ ਫਸੇ ਹਨ। ਸੋਚੀ ਓਲੰਪਿਕ 'ਚ ਜਾਇੰਟ ਸਲਾਲੋਮ 'ਚ 72ਵੇਂ ਸਥਾਨ 'ਤੇ ਰਹੇ ਹਿਮਾਂਸ਼ੂ ਨੂੰ ਦੇਖਣੀ ਕੋਰੀਆ 'ਚ 9 ਤੋਂ 29 ਫਰਵਰੀ ਤੱਕ ਹੋਣ ਵਾਲੇ ਸਰਦ ਰੁੱਤ ਓਲੰਪਿਕ 'ਚ ਕੁਆਲੀਫਾਇੰਗ ਕਰਨ ਦੇ ਲਈ 21 ਜਨਵਰੀ ਤੋਂ ਪਹਿਲਾਂ 140 ਅੰਕ ਬਣਾਉਣੇ ਹੋਣਗੇ।

ਹਿਮਾਂਸ਼ੂ ਆਂਚਲ ਠਾਕੁਰ ਦਾ ਭਰਾ ਹੈ ਜੋ ਹਾਲ ਹੀ 'ਚ ਸਕੀਇੰਗ 'ਚ ਕੌਮਾਂਤਰੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਹੈ। ਆਂਚਲ ਨੇ ਟਵਿੱਟਰ ਦੇ ਜ਼ਰੀਏ ਪ੍ਰਧਾਨਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਟੈਗ ਕਰਦੇ ਹੋਏ ਹਿਮਾਂਸ਼ੂ ਦੀ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ''ਮੇਰੇ ਭਰਾ ਹਿਮਾਂਸ਼ੂ ਠਾਕੁਰ ਦੇ ਕੋਲ ਸਰਤ ਰੁੱਤ ਓਲੰਪਿਕ 2018 ਦੇ ਲਈ ਕੁਆਲੀਫਾਈ ਕਰਨ ਦਾ ਸੋਮਵਾਰ ਨੂੰ ਆਖਰੀ ਮੌਕਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਉਸ ਨੂੰ ਤਹਿਰਾਨ ਦੇ ਲਈ ਈਰਾਨ ਦਾ ਵੀਜ਼ਾ ਦਿਵਾਉਣ 'ਚ ਉਸ ਦੀ ਮਦਦ ਕਰਨ।'' ਹਿਮਾਂਸ਼ੂ ਦੇ ਪਿਤਾ ਅਤੇ ਭਾਰਤੀ ਸਰਦ ਰੁੱਤ ਖੇਡ ਮਹਾਸੰਘ ਦੇ ਸਕੱਤਰ ਰੌਸ਼ਨ ਠਾਕੁਰ ਨੇ ਕਿਹਾ ਕਿ ਹਿਮਾਂਸ਼ੂ ਨੂੰ ਵੀਜ਼ਾ ਮਿਲ ਗਿਆ ਪਰ ਪਾਸਪੋਰਟ 'ਤੇ ਮੋਹਰ ਨਹੀਂ ਲੱਗੀ ਹੈ ਜਿਸ ਕਾਰਨ ਉਨ੍ਹਾਂ ਨੂੰ ਤਹਿਰਾਨ ਜਾਣ ਵਾਲੇ ਹਵਾਈ ਜਹਾਜ਼ 'ਤੇ ਚੜ੍ਹਨ ਨਹੀਂ ਦਿੱਤਾ ਗਿਆ।