ਵਿਸ਼ਵ ਸ਼ਤਰੰਜ ਰੈਂਕਿੰਗ 'ਚ ਆਨੰਦ 13ਵੇਂ ਸਥਾਨ 'ਤੇ ਖਿਸਕਿਆ

05/04/2018 1:09:07 PM

ਨਵੀਂ ਦਿੱਲੀ—ਵਿਸ਼ਵ ਸ਼ਤਰੰਜ ਸੰਘ ਵੱਲੋਂ ਜਾਰੀ ਤਾਜ਼ਾ ਰੈਂਕਿੰਗ ਵਿਚ ਭਾਰਤ ਲਈ ਇਕ ਬੁਰੀ ਖਬਰ ਆਈ, ਜਦੋਂ ਮੌਜੂਦਾ ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਵਿਸ਼ਵ ਰੈਂਕਿੰਗ ਵਿਚ ਟਾਪ-11 ਤੋਂ ਬਾਹਰ ਹੋ ਕੇ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰੇਟਿੰਗ ਦੇ ਅੰਕਾਂ ਦੇ ਲਿਹਾਜ਼ ਨਾਲ ਉਹ 2760 ਅੰਕਾਂ 'ਤੇ ਜਾ ਪਹੁੰਚਿਆ ਹੈ, ਜਿਹੜੀ 15 ਸਾਲਾਂ ਵਿਚ ਉਸਦੀ ਸਭ ਤੋਂ ਘੱਟ ਕੌਮਾਂਤਰੀ ਰੇਟਿੰਗ ਹੈ।  

ਹੋਰਨਾਂ ਭਾਰਤੀ ਖਿਡਾਰੀਆਂ ਵਿਚ ਹਰਿਕ੍ਰਿਸ਼ਣਨ ਪੋਂਟਾਲਾ 2727 ਅੰਕਾਂ ਨਾਲ 25ਵੇਂ, ਵਿਦਿਤ ਗੁਜਰਾਤੀ 2707 ਅੰਕਾਂ ਨਾਲ 26ਵੇਂ, ਭਾਸਕਰਨ ਅਧਿਬਨ 2671 ਅੰਕਾਂ ਨਾਲ 65ਵੇਂ, ਕ੍ਰਿਸ਼ਣਨ ਸ਼ਸ਼ੀਕਿਰਣ 2666 ਅੰਕਾਂ ਨਾਲ 76ਵੇਂ ਸਥਾਨ 'ਤੇ ਜਦਕਿ ਸੇਥੂਰਮਨ ਐੱਸ. ਪੀ. 2657 ਅੰਕਾਂ ਨਾਲ 92ਵੇਂ ਸਥਾਨ 'ਤੇ ਜਾ ਪਹੁੰਚਿਆ ਹੈ।

ਮਹਿਲਾ ਖਿਡਾਰੀਆਂ ਵਿਚ ਕੋਨੇਰੂ ਹੰਪੀ 2557 ਅੰਕਾਂ ਨਾਲ ਚੌਥੇ ਸਥਾਨ 'ਤੇ, ਹਰਿਕਾ ਦ੍ਰੋਣਾਵਾਲੀ 2499 ਅੰਕਾਂ ਨਾਲ 13ਵੇਂ ਸਥਾਨ 'ਤੇ, 2399 ਅੰਕਾਂ ਨਾਲ ਈਸ਼ਾ ਕਰਵਾੜੇ 61ਵੇਂ ਸਥਾਨ 'ਤੇ, ਤਾਨੀਆ ਸਚਦੇਵਾ 2393 ਅੰਕਾਂ ਨਾਲ 68ਵੇਂ ਸਥਾਨ 'ਤੇ ਹੈ।

ਨਾਰਵੇ ਦਾ ਮੈਗਨਸ ਕਾਰਲਸਨ ਪਹਿਲੇ ਸਥਾਨ 'ਤੇ ਬਰਕਰਾਰ ਹੈ ਤੇ ਉਸ ਦੇ 2843 ਅੰਕ ਹਨ ਪਰ ਉਸ ਨੂੰ ਨਵੰਬਰ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਚੁਣੌਤੀ ਦੇਣ ਵਾਲਾ ਅਮਰੀਕਾ ਦਾ ਫੇਬਿਆਨੋ ਕਾਰੂਆਨਾ 2822 ਅੰਕਾਂ ਨਾਲ ਸਿਰਫ 21 ਅੰਕਾਂ ਦੇ ਫਰਕ 'ਤੇ ਜਾ ਪਹੁੰਚਿਆ ਹੈ।