ਆਨੰਦ ਨੇ ਕੀਤੀ ਜਿੱਤ ਨਾਲ ਸ਼ੁਰੂਆਤ

09/04/2017 9:50:06 PM

ਜਾਰਜੀਆ (ਨਿਕਲੇਸ਼ ਜੈਨ)—ਵਿਸ਼ਵ ਦੇ 40 ਦੇਸ਼ਾਂ ਦੇ 128 ਚੋਣਵੇਂ ਖਿਡਾਰੀਆਂ ਵਿਚਾਲੇ ਨਾਕਆਊਟ ਆਧਾਰ 'ਤੇ ਖੇਡੇ ਜਾ ਰਹੇ ਫਿਡੇ ਵਿਸ਼ਵ ਸ਼ਤਰੰਜ ਕੱਪ ਦਾ ਸ਼ਾਨਦਾਰ ਆਰੰਭ ਹੋ ਗਿਆ। ਭਾਰਤ ਲਈ ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਵਾਰ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਤੋਂ ਇਲਾਵਾ 6 ਹੋਰ ਭਾਰਤੀ ਖਿਡਾਰੀ ਵੀ ਇਸ ਦਾ ਹਿੱਸਾ ਬਣੇ ਹਨ ਤੇ ਇਹ ਵਿਸ਼ਵ ਸ਼ਤਰੰਜ ਇਤਿਹਾਸ ਦਾ ਭਾਰਤ ਦਾ ਹੁਣ ਤਕ ਦਾ ਸਭ ਤੋਂ ਵੱਡਾ ਦਲ ਹੈ। ਆਨੰਦ ਤੋਂ ਇਲਾਵਾ ਪੋਂਟਾਲਾ ਹਰਿਕ੍ਰਿਸ਼ਨਾ, ਵਿਦਿਤ ਗੁਜਰਾਤੀ, ਭਾਸਕਰਨ ਅਧਿਬਨ, ਐੱਸ. ਪੀ. ਸੇਥੂਰਮਨ, ਮੁਰਲੀ ਕਾਰਤੀਕੇਅਨ ਤੇ ਦੀਪਸੇਨ ਗੁਪਤਾ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ ਹਨ। ਭਾਰਤੀ ਦਲ ਲਈ ਪਹਿਲਾ ਦਿਨ ਜਿਥੇ ਆਨੰਦ ਦੀ ਜਿੱਤ ਨਾਲ ਇਕ ਚੰਗੀ ਖਬਰ ਲਿਆਇਆ ਤਾਂ ਹਰਿਕ੍ਰਿਸ਼ਨਾ ਦੀ ਹਾਰ ਇਕ ਵੱਡਾ ਝਟਕਾ ਸਾਬਤ ਹੋਈ। ਵਿਦਿਤ, ਅਧਿਬਨ, ਸੇਥੂਰਮਨ ਤੇ ਦੀਪਸੇਨ ਦੇ ਮੈਚ ਡਰਾਅ ਰਹੇ, ਜਦਕਿ ਮੁਰਲੀ ਕਾਰਤੀਕੇਅਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
ਆਨੰਦ ਨੇ ਪਹਿਲੇ ਰਾਊਂਡ 'ਚ ਮਲੇਸ਼ੀਅਨ ਨੰਬਰ ਇਕ ਯੇਓਹ ਲੀ ਟੀਅਨ ਨੂੰ ਸਿਸਲੀਅਨ ਡਿਫੈਂਸ 'ਚ ਹਰਾ ਦਿੱਤਾ। ਉਸ ਨੇ ਆਪਣੇ ਵਿਰੋਧੀ ਦੀ ਗਲਤੀ ਦਾ ਭਰਪੂਰ ਫਾਇਦਾ ਚੁੱਕਦੇ ਹੋਏ ਇਕ ਚੰਗੀ ਜਿੱਤ ਦਰਜ ਕੀਤੀ। ਭਾਰਤ ਨੂੰ ਝਟਕਾ ਉਦੋਂ ਲੱਗਾ, ਜਦੋਂ ਕਿਊਬਨ ਗ੍ਰੈਂਡ ਮਾਸਟਰ ਵਿਡਾਲ ਯੂਰੀ ਨੇ ਹਰਿਕ੍ਰਿਸ਼ਨਾ 'ਤੇ ਜਿੱਤ ਦਰਜ ਕਰਦੇ ਹੋਏ ਭਾਰਤ ਨੂੰ ਝਟਕਾ ਦਿੱਤਾ।