ਓਲੰਪਿਕ ਕੁਆਲੀਫਾਇਰ ਲਈ ਅਮਿਤ ਪੰਘਾਲ ਬਣਿਆ ਨੰਬਰ 1 ਮੁੱਕੇਬਾਜ਼

02/13/2020 5:43:13 PM

ਸਪੋਰਟਸ ਡੈਸਕ— ਵਰਲਡ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਭਾਰਤੀ ਮੁੱਕੇਬਾਜ਼ੀ ਅਮਿਤ ਪੰਘਾਲ ਨੂੰ ਓਲੰਪਿਕ ਤੋਂ ਪਹਿਲਾਂ ਵੱਡਾ ਇਨਾਮ ਮਿਲਿਆ ਹੈ। 52 ਕਿ. ਗ੍ਰਾ 'ਚ ਅਮਿਤ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ  (ਆਈ. ਓ. ਸੀ) ਮੁੱਕੇਬਾਜ਼ੀ ਟਾਸਕ ਫੋਰਸ (Boxing Task Force) ਨੇ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਨੰਬਰ ਇਕ ਰੈਂਕਿੰਗ ਦਿੱਤੀ ਹੈ। ਹੁਣ ਪੰਘਾਲ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ 'ਚ ਇਸ ਸ਼੍ਰੇਣੀ 'ਚ ਟਾਪ ਗਲੋਬਲ ਰੈਂਕਿੰਗ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਏ ਹਨ। ਓਲੰਪਿਕ ਕਾਂਸੀ ਤਮਗਾ ਜੇਤੂ ਵਿਜੇਂਦਰ ਸਿੰਘ 2009 'ਚ ਟਾਪ ਰੈਂਕਿੰਗ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣੇ ਸਨ, ਜਦ ਉਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ ਦੇ 75 ਕਿ. ਗ੍ਰਾ. ਵਰਗ 'ਚ ਕਾਂਸੀ ਤਮਗੇ ਦੇ ਨਾਲ ਭਾਰਤ ਦਾ ਖਾਤਾ ਖੋਲਿਆ ਸੀ। ਮੁੱਕੇਬਾਜ਼ੀ ਟਾਸਕ ਫੋਰਸ ਵਲੋਂ ਜਾਰੀ ਸੂਚੀ ਮੁਤਾਬਕ 24 ਸਾਲ ਦੇ ਪੰਘਾਲ 420 ਅੰਕ ਦੇ ਨਾਲ ਟਾਪ 'ਤੇ ਹਨ। ਇਹੀ ਮੁੱਕੇਬਾਜ਼ੀ ਟਾਸਕ ਫੋਰਸ ਫਿਲਹਾਲ ਓਲੰਪਿਕ ਖੇਡਾਂ ਲਈ ਮੁੱਕੇਬਾਜ਼ੀ ਦਾ ਸੰਚਾਲਨ ਕਰ ਰਿਹਾ ਹੈ। ਪੰਘਾਲ ਨੇ ਕਿਹਾ, 'ਇਹ ਸ਼ਾਨਦਾਰ ਅਹਿਸਾਸ ਹੈ ਅਤੇ ਬੇਸ਼ੱਕ ਇਹ ਮੇਰੇ ਲਈ ਕਾਫ਼ੀ ਮਾਇਨੇ ਰੱਖਦਾ ਹੈ ਕਿਉਂਕਿ ਇਸ ਤੋਂ ਮੈਨੂੰ ਕੁਆਲੀਫਾਇਰ 'ਚ ਪ੍ਰਮੁੱਖਤਾ ਹਾਸਲ ਕਰਨ 'ਚ ਮਦਦ ਮਿਲੇਗੀ। ਦੁਨੀਆ ਦਾ ਨੰਬਰ ਇਕ ਖਿਡਾਰੀ ਹੋਣ ਨਾਲ ਤੁਹਾਡਾ ‍ਆਤਮਵਿਸ਼ਵਾਸ ਵੀ ਵੱਧਦਾ ਹੈ।