ਪੰਘਾਲ ਅਤੇ ਕੌਸ਼ਿਕ ਦੀਆਂ ਨਿਗਾਹਾਂ ਇਤਿਹਾਸ ਰਚਣ ''ਤੇ

09/19/2019 5:27:04 PM

ਸਪੋਰਟਸ ਡੈਸਕ— ਅਮਿਤ ਪੰਘਾਲ (52 ਕਿਲੋਗ੍ਰਾਮ) ਅਤੇ ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਸ਼ੁੱਕਰਵਾਰ ਨੂੰ ਜਦੋਂ ਫਾਈਨਲ 'ਚ ਜਗ੍ਹਾ ਪੱਕੀ ਬਣਾਉਣ ਲਈ ਵਿਸ਼ਵ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸਖਤ ਮੁਕਾਬਲੇਬਾਜ਼ੀ ਦੇ ਖਿਲਾਫ ਰਿੰਗ 'ਚ ਉਤਰਨਗੇ ਤਾਂ ਭਾਰਤ ਨੂੰ ਇਸ ਪ੍ਰਤੀਯੋਗਿਤਾ 'ਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਉਮੀਦ ਲੱਗੀ ਹਵੇਗੀ। ਭਾਰਤ ਦੇ ਦੋ ਮੁੱਕੇਬਾਜ਼ ਕਦੀ ਵੀ ਸੈਮੀਫਾਈਨਲ ਤਕ ਨਹੀਂ ਪਹੁੰਚੇ ਸਨ, ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਹਰਿਆਣਾ ਦੇ ਦੋਹਾਂ ਮੁੱਕੇਬਾਜ਼ਾਂ ਨੇ ਇਤਿਹਾਸ ਰਚ ਹੀ ਦਿੱਤਾ ਹੈ। ਪਰ ਜੇਕਰ ਦੋਵੇਂ ਜਾਂ ਫਿਰ ਇਨ੍ਹਾਂ 'ਚੋਂ ਕੋਈ ਇਕ ਫਾਈਨਲ 'ਚ ਪਹੁੰਚ ਜਾਂਦਾ ਹੈ ਤਾਂ ਇਹ ਦੇਸ਼ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੋਵੇਗਾ।

ਰੋਹਤਕ ਦੇ ਪੰਘਾਲ ਕਜ਼ਾਖਸਤਾਨ ਦੇ ਸਾਕੇਨ ਬਿਬੋਸਿਨੋਵ ਨਾਲ ਭਿੜਨਗੇ ਜਿਨ੍ਹਾਂ ਨੇ ਕੁਆਰਟਰ ਫਾਈਨਲ 'ਚ ਅਰਮੇਨੀਆ ਦੇ ਯੂਰਪੀ ਸੋਨ ਤਮਗਾ ਜੇਤੂ ਅਤੇ ਛੇਵਾਂ ਦਰਜਾ ਪ੍ਰਾਪਤ ਆਰਟਰ ਹੋਵਹਾਨੀਸ਼ਯਾਨ ਨੂੰ ਹਰਾਇਆ ਸੀ। ਕੌਸ਼ਿਕ ਦਾ ਸਾਹਮਣਾ ਉਨ੍ਹਾਂ ਦੇ ਵਜ਼ਨ ਵਰਗ ਦੇ ਸਭ ਤੋਂ ਮਸ਼ਹੂਰ ਅਤੇ ਕਿਊਬਾ ਦੇ ਚੋਟੀ ਦੇ ਐਂਡੀ ਗੋਮੇਜ ਕਰੂਜ਼ ਨਾਲ ਹੋਵੇਗਾ ਜਿਨ੍ਹਾਂ ਨੇ ਆਖ਼ਰੀ ਅੱਠ 'ਚ ਰੂਸ ਦੇ ਅੱਠਵਾਂ ਦਰਜਾ ਪ੍ਰਾਪਤ ਇਲੀਆ ਪੋਵੋਵ ਨੂੰ ਹਰਾਇਆ।

ਕਰੂਜ਼ 2017 'ਚ ਲਾਈਟ ਵੇਲਟਰਵੇਟ (64 ਕਿਲੋਗ੍ਰਾਮ) ਦੇ ਸੋਨ ਤਮਗਾ ਜੇਤੂ ਹਨ ਅਤੇ ਉਹ ਦੋ ਵਾਰ ਦੇ ਪੈਨ ਅਮਰੀਕੀ ਖੇਡਾਂ ਦੇ ਸੋਨ ਤਮਗਾ ਜੇਤੂ ਵੀ ਹਨ। ਭਾਰਤੀ ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸਾਂਟੀਆਗੋ ਨਿਏਵਾ ਨੇ ਕਿਹਾ, ''ਹੁਣ ਔਖਾ ਕੰਮ ਸ਼ੁਰੂ ਹੋਵੇਗਾ। ਅਸੀਂ ਪਹਿਲਾਂ ਹੀ ਤਮਗੇ ਦੀ ਗਿਣਤੀ 'ਚ ਬਿਹਤਰ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਰੰਗ ਨੂੰ ਬਿਹਤਰ ਕਰਨਾ ਹੋਵੇਗਾ।'' ਦੇਸ਼ ਦੇ ਮੁੱਖ ਕੋਚ ਸੀ. ਕੇ.  ਕੁੱਟਪਾ ਨੇ ਕਿਹਾ, ''ਮੈਂ ਖੁਸ਼ ਹਾਂ ਪਰ ਜਦੋਂ ਤਕ ਦੋਵੇਂ ਫਾਈਨਲ ਤਕ ਨਹੀਂ ਪਹੁੰਚ ਜਾਂਦੇ, ਉਦੋਂ ਤਕ ਪੂਰੀ ਤਰ੍ਹਾਂ ਖੁਸ਼ ਨਹੀਂ ਹੋਵਾਂਗਾ ਅਤੇ ਉਹ ਯਕੀਨੀ ਤੌਰ 'ਤੇ ਅਜਿਹਾ ਕਰ ਲੈਣਗੇ।'' ਇਸ ਤੋਂ ਪਹਿਲਾਂ ਦੇਸ਼ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਚਾਰ ਕਾਂਸੀ ਤਮਗੇ ਜਿੱਤੇ ਹਨ। ਵਿਜੇਂਦਰ ਸਿੰਘ ਨੇ 2009 'ਚ, ਵਿਕਾਸ ਕ੍ਰਿਸ਼ਨ ਨੇ 2011 'ਚ, ਸ਼ਿਵ ਥਾਪਾ ਨੇ 2015 ਅਤੇ ਗੌਰਵ ਬਿਧੁੜੀ ਨੇ 2017 'ਚ ਕਾਂਸੀ ਤਮਗੇ ਜਿੱਤੇ ਸਨ।

Tarsem Singh

This news is Content Editor Tarsem Singh