ਬ੍ਰੈਸਟ ਕੈਂਸਰ ਤੋਂ ਬਾਅਦ ਅਮਰੀਕੀ ਸਵਿਮਰ ਸਾਰਾਹ ਥਾਮਸ ਨੇ ਚੌਥੀ ਵਾਰ ਕੀਤਾ ਇੰਗਲਿਸ਼ ਚੈਨਲ ਪਾਰ

09/19/2019 6:32:36 PM

ਜਲੰਧਰ : ਅਮਰੀਕੀ ਸਵਿਮਰ ਸਾਰਾਹ ਥਾਮਸ ਨੇ ਇਕ ਵਾਰ ਫਿਰ ਇੰਗਲਿਸ਼ ਚੈਨਲ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਸਾਰਾਹ ਹੁਣ 4 ਵਾਰ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਤੈਰਾਕ ਬਣ ਗਈ ਹੈ।  ਖਾਸ ਗੱਲ ਇਹ ਹੈ ਕਿ ਸਾਰਾਹ ਅਜੇ 2 ਸਾਲ ਪਹਿਲਾਂ ਹੀ ਬ੍ਰੈਸਟ ਕੈਂਸਰ ਨਾਲ ਜੂਝ ਰਹੀ  ਸੀ। ਇਸ ਦੌਰਾਨ ਉਸਨੇ ਸਰਜਰੀ, ਰੈਡਿਓ ਥੈਰੇਪੀ, ਕੀਮੋਥੈਰੇਪੀ ਵੀ ਕਰਵਾਈ। ਸਾਰਾਹ ਆਪਣੇ ਮਜ਼ਬੂਤ ਜਜ਼ਬੇ ਕਾਰਨ ਆਖਿਰਕਾਰ ਇਕ ਵਾਰ ਫਿਰ ਤੋਂ ਤੈਰਾਕੀ ਲਈ ਤਿਆਰ ਹੋਈ ਅਤੇ ਉਸ ਨੇ ਇੰਗਲਿਸ਼ ਚੈਨਲ ਚੌਥੀ ਵਾਰ ਪਾਰ ਕਰ ਰਿਕਾਰਡ ਬਣਾ ਦਿੱਤਾ। ਸਾਰਾਹ ਦਾ ਕੱਦ ਕਾਠ ਕਿਸੇ ਵੀ ਪਾਸਿਓ ਐਥਲੀਟ ਵਰਗਾ ਨਹੀਂ ਹੈ। ਉਸਦਾ ਭਾਰ ਵਧਿਆ ਹੋਇਆ ਹੈ ਪਰ ਇਸਦੇ ਬਾਵਜੂਦ ਉਹ ਵਰਲਡ ਰਿਕਾਰਡ ਬਣਾਉਣ ਤੋਂ ਪਿੱਛੇ ਨਹੀਂ ਹਟੀ।

ਥਾਮਸ ਨੇ 10 ਸਾਲ ਦੀ ਉਮਰ ਵਿਚ ਸਕੂਲ ਪੱਧਰ 'ਤੇ ਸਵਿਮਿੰਗ ਸ਼ੁਰੂ ਕੀਤੀ ਸੀ। ਉਹ ਹਾਈ ਸਕੂਲ ਵਿਚ 200 ਮੀਟਰ ਅਤੇ 500 ਮੀਟਰ ਫ੍ਰੀ ਸਟਾਈਲ ਵਿਚ ਤੈਰਾਕੀ ਕਰਨ ਲੱਗੀ। ਕਨੇਕਟਿਕਟ ਯੂਨਿਵਰਸਿਟੀ ਵਿਚ ਰਾਜਨੀਤੀ ਵਿਗਿਆਨ ਅਤੇ ਪੱਤਰਕਾਰਤਾ ਵਿਚ ਡਿੱਗਰੀ ਹਾਸਲ ਕਰਨ ਦੌਰਾਨ ਵੀ ਉਸ ਨੇ ਸਵਿਮਿੰਗ ਜਾਰੀ ਰੱਖੀ ਪਰ ਜਦੋਂ ਉਹ ਡੇਨਵਰ ਯੂਨਿਵਰਸਿਟੀ ਵਿਚ ਕਾਨੂੰਨੀ ਪ੍ਰਸ਼ਾਸਨ ਵਿਚ ਮਾਸਟਰਸ ਕਰਨ ਪਹੁੰਚੀ ਤਾਂ ਉਸ ਨੇ ਤੈਰਾਕੀ ਛੱਡ ਦਿੱਤੀ। ਪੜਾਈ ਪੂਰੀ ਹੋਣ ਤੋਂ ਬਾਅਦ ਉਸਨੇ ਫਿਰ ਤੋਂ ਸਵਿਮਿੰਗ ਦੀ ਸੀਨੀਅਰ ਟੀਮ ਨੂੰ ਜੁਆਈਨ ਕਰ ਲਿਆ। 2017 ਤਕ ਉਸ ਨੇ ਹੈਲਥ ਕੇਅਰ ਕੰਪਨੀ ਵਿਚ ਕੰਮ ਕੀਤਾ। ਇਸ ਦੌਰਾਨ ਉਸ ਨੇ ਰਿਆਨ ਵਿਲਿਸ ਨਾਲ ਵਿਆਹ ਕੀਤਾ ਜਿਸ ਦੇ ਨਾਲ ਉਹ  ਹੁਣ ਕੋਲੋਰਡੋ ਦੇ ਕੋਨਿਫਰ ਵਿਚ ਰਹਿੰਦੀ ਹੈ।