ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਦੇ ਸਾਰੇ ਮੁੱਖ ਦਾਅਵੇਦਾਰ ਅੱਗੇ ਵਧੇ

07/06/2017 2:22:56 AM

ਦਿੱਲੀ— ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਹੁਣ ਤੱਕ ਹੋਏ ਸ਼ੁਰੂਆਤੀ ਰਾਊਂਡ ਵਿਚ ਕੁਝ ਉਲਟਫੇਰ ਨੂੰ ਛੱਡ ਦਿੱਤਾ ਜਾਵੇ ਤਾਂ ਸਾਰੇ ਮੁੱਖ ਦਾਅਵੇਦਾਰ ਆਪਣੇ ਮੈਚ ਜਿੱਤ ਕੇ ਅੱਗੇ ਵਧ ਗਏ ਹਨ। ਦੋ ਰਾਊਂਡ ਤੋਂ ਬਾਅਦ ਪੁਰਸ਼ ਵਰਗ ਵਿਚ ਭਾਰਤ ਦੇ ਪ੍ਰਮੁੱਖ ਦਾਅਵੇਦਾਰ ਪਹਿਲੀ ਸੀਡ ਅਭਿਜੀਤ ਗੁਪਤਾ, ਦੂਜੀ ਸੀਡ ਅਰਵਿੰਦ ਚਿਦਾਂਬਰਮ ਤੇ ਤੀਜੀ ਸੀਡ ਵੈਭਵ ਆਪਣੇ ਦੋਵੇਂ ਮੈਚ ਜਿੱਤ ਕੇ ਅੱਗੇ ਵਧ ਚੁੱਕੇ ਹਨ ਜਦਕਿ ਮਹਿਲਾ ਵਰਗ ਵਿਚ ਪਦਮਿਨੀ ਰਾਊਤ ਨੂੰ ਹਮਵਤਨ ਗੈਰ-ਦਰਜਾ ਪ੍ਰਾਪਤ ਪ੍ਰਿਯੰਕਾ ਹੱਥੋਂ ਹੈਰਾਨ ਕਰਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਭਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪਦਮਿਨੀ ਰਾਊਤ ਦਾ ਕਈ ਵਾਰ ਰੇਟਿੰਗ ਵਿਚ ਛੋਟੇ ਖਿਡਾਰੀਆਂ ਹੱਥੋਂ ਹਾਰ ਦਾ ਨਤੀਜਾ ਕਾਫੀ ਹੈਰਾਨ ਕਰਨ ਵਾਲਾ ਹੁੰਦਾ ਹੈ। ਖੈਰ ਪਹਿਲੇ ਰਾਊਂਡ ਵਿਚ ਡਰਾਅ ਖੇਡਣ ਵਾਲੀ ਤਨੀਆ ਨੇ ਆਪਣਾ ਦੂਜਾ ਮੈਚ ਜਿੱਤ ਕੇ ਵਾਪਸੀ ਦੇ ਸੰਕੇਤ ਦਿੱਤੇ। ਹੋਰਨਾਂ ਮਹਿਲਾ ਖਿਡਾਰੀਆਂ ਵਿਚ  ਸਾਬਕਾ ਵਿਸ਼ਵ ਚੈਂਪੀਅਨ ਜੂਨੀਅਰ ਚੈਂਪੀਅਨ ਸੌਮਿਆ ਸਵਾਮੀਨਾਥਨ, ਨਿਸ਼ਾ ਮੇਹਤਾ, ਮੇਰੀ ਐੈੱਨ. ਗੋਮਸ ਸਵਾਤੀ ਘਾਟੇ ਤੇ ਪ੍ਰਿਯੰਕਾ 2 ਅੰਕਾਂ 'ਤੇ ਖੇਡ ਰਹੀਆਂ ਹਨ।
ਕੁਮਾਰ ਗੌਰਵ ਨੇ ਪਹਿਲੇ ਹੀ ਰਾਊਂਡ ਵਿਚ ਬੰਗਲਾਦੇਸ਼ ਦੇ ਚੋਟੀ ਦੇ ਖਿਡਾਰੀ ਗ੍ਰੈਂਡ ਮਾਸਟਰ ਜਿਯੋਰ ਰਹਿਮਾਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦੱਤਾ, ਜਦਕਿ ਦੂਜੇ ਰਾਊਂਡ ਵਿਚ ਦਿੱਲੀ ਦੀ ਸ਼ਾਨਯਾ ਮਿਸ਼ਰਾ ਦੇ ਹੱਥੋਂ ਧਾਕੜ ਗ੍ਰੈਂਡ ਮਾਸਟਰ ਪ੍ਰਵੀਨ ਥਿਪਸੇ ਦੀ ਹਾਰ ਸਭ ਤੋਂ ਵੱਧ ਚਰਚਾ ਵਿਚ ਰਹੀ।