ਐਲਡ੍ਰਿਨ ਨੇ ਲੰਬੀ ਛਾਲ ''ਚ ਜਿੱਤਿਆ ਸੋਨਾ, ਅਮਲਾਨ ਅਤੇ ਜੋਤੀ 100 ਮੀਟਰ ਚੈਂਪੀਅਨ

10/01/2022 9:50:02 PM

ਗਾਂਧੀਨਗਰ, (ਭਾਸ਼ਾ)- ਤਾਮਿਲਨਾਡੂ ਦੇ ਜੇਸਵਿਨ ਐਲਡ੍ਰਿਨ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਦੇ ਲੰਬੀ ਛਾਲ ਮੁਕਾਬਲੇ ਵਿਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ ਕੇਰਲ ਦੇ ਮੁਰਲੀ ਸ਼੍ਰੀਸ਼ੰਕਰ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਤੇ 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਐਲਡ੍ਰਿਨ ਨੇ ਆਪਣੀ ਛੇਵੀਂ ਅਤੇ ਆਖ਼ਰੀ ਕੋਸ਼ਿਸ਼ ਵਿੱਚ 8.26 ਮੀਟਰ ਦੀ ਛਾਲ ਮਾਰੀ ਤੇ ਵਿਸ਼ਵ ਚੈਂਪੀਅਨਸ਼ਿਪ ਦੇ 8.25 ਮੀਟਰ ਦੇ 'ਕੁਆਲੀਫਾਇੰਗ ਮਾਰਕ' ਨੂੰ ਪਾਰ ਕੀਤਾ।ਉਸਨੇ ਦੋ ਹੋਰ ਕੋਸ਼ਿਸ਼ਾਂ ਵਿੱਚ ਵੀ ਅੱਠ ਮੀਟਰ (8.07 ਮੀਟਰ ਅਤੇ 8.21 ਮੀਟਰ) ਤੋਂ ਵੱਧ ਛਾਲ ਮਾਰੀ। 

ਅਗਸਤ ਵਿੱਚ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਸ੍ਰੀਸ਼ੰਕਰ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 7.93 ਮੀਟਰ ਦੀ ਸਰਵੋਤਮ ਛਾਲ ਮਾਰੀ ਸੀ ਜੋ ਉਸ ਦੀ ਪਹਿਲੀ ਕੋਸ਼ਿਸ਼ 'ਚ ਆਈ ਸੀ। ਉਸ ਨੇ 7.55 ਮੀਟਰ ਦੀ ਇੱਕ ਹੋਰ ਛਾਲ ਮਾਰਨ ਤੋਂ ਬਾਅਦ ਬਾਕੀ ਚਾਰ ਕੋਸ਼ਿਸ਼ਾਂ ਨਾ ਕਰਨ ਦਾ ਫੈਸਲਾ ਕੀਤਾ। ਇਕ ਹੋਰ ਚੋਟੀ ਦੇ ਲੰਬੀ ਛਾਲ ਮਾਰਨ ਵਾਲੇ ਕੇਰਲ ਦੇ ਮੁਹੰਮਦ ਅਨੀਸ ਯਾਹੀਆ 7.92 ਮੀਟਰ ਨਾਲ ਤੀਜੇ ਸਥਾਨ 'ਤੇ ਰਹੇ। 

ਇਹ ਵੀ ਪੜ੍ਹੋ : ਅੱਜ ਤੋਂ ਕ੍ਰਿਕਟ ਨਿਯਮਾਂ 'ਚ ਹੋ ਰਿਹਾ ਹੈ ਵੱਡਾ ਬਦਲਾਅ, ਜਾਣੋ ਇਸ ਬਾਰੇ ਵਿਸਥਾਰ ਨਾਲ

ਇਸ ਦੇ ਨਾਲ ਹੀ 100 ਮੀਟਰ ਮੁਕਾਬਲੇ ਵਿੱਚ ਅਸਾਮ ਦੇ ਅਮਲਾਨ ਬੋਰਗੋਹੇਨ ਨੇ ਪੁਰਸ਼ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਜਦੋਂਕਿ ਆਂਧਰਾ ਪ੍ਰਦੇਸ਼ ਦੀ ਜੋਤੀ ਯਾਰਾਜੀ ਨੇ ਔਰਤਾਂ ਦੇ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਜੋਤੀ ਦੇ ਨਾਂ 100 ਮੀਟਰ ਅੜਿੱਕਾ ਦੌੜ ਵਿੱਚ ਰਾਸ਼ਟਰੀ ਰਿਕਾਰਡ ਹੈ ਪਰ ਉਹ ਔਰਤਾਂ ਦੀ 100 ਮੀਟਰ ਦੌੜ ਵਿੱਚ ਦੁਤੀ ਚੰਦ (ਓਡੀਸ਼ਾ) ਅਤੇ ਹਿਮਾ ਦਾਸ (ਅਸਾਮ) ਤੋਂ 11.51 ਸਕਿੰਟ ਅੱਗੇ ਰਹੀ ਜਦੋਂਕਿ ਤਾਮਿਲਨਾਡੂ ਦੀ ਅਰਚਨਾ ਸੁਸਿੰਦਰਨ (11.55 ਸਕਿੰਟ) ਅਤੇ ਮਹਾਰਾਸ਼ਟਰ ਦੀ ਡਾਇੰਡ੍ਰਾ ਵਾਲਾਡਾਰੇਸ (11.62 ਸਕਿੰਟ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। 

ਰਾਸ਼ਟਰੀ ਰਿਕਾਰਡ ਧਾਰਕ ਦੁਤੀ 11.69 ਸਕਿੰਟ ਦੇ ਸਮੇਂ ਨਾਲ ਛੇਵੇਂ ਅਤੇ ਹਿਮਾ 11.74 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ 'ਤੇ ਰਹੀ। ਜੋਤੀ ਨੇ ਕਿਹਾ, ''ਉਨ੍ਹਾਂ ਨੇ (ਦੁਤੀ ਅਤੇ ਹਿਮਾ) ਨੇ ਹਮੇਸ਼ਾ ਮੈਨੂੰ ਉਤਸ਼ਾਹਿਤ ਕੀਤਾ ਜਿਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਮੈਂ ਖੁਸ਼ ਹਾਂ ਕਿ ਮੈਂ ਜਿੱਤ ਗਈ ਪਰ ਇਹ ਨਾ ਸੋਚੋ ਕਿ ਮੈਂ ਉਨ੍ਹਾਂ ਨੂੰ ਪਛਾੜ ਦਿੱਤਾ।' ਪੁਰਸ਼ਾਂ ਦੇ 100 ਮੀਟਰ ਮੁਕਾਬਲੇ ਵਿੱਚ ਬੋਰਗੋਹੇਨ 10.38 ਸਕਿੰਟ ਦੇ ਸਮੇਂ ਨਾਲ ਪਹਿਲੇ ਸਥਾਨ 'ਤੇ ਰਿਹਾ। ਤਾਮਿਲਨਾਡੂ ਦੇ ਇਲਾਕਿਯਾਦਾਸਾਨ ਵੀਕੇ (10.44 ਸਕਿੰਟ) ਅਤੇ ਸਿਵਾ ਕੁਮਾਰ ਬੀ (10.48 ਸਕਿੰਟ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News