ਅਖਤਰ ਨੇ ਲਾਇਆ ਗੰਭੀਰ ਦੋਸ਼, ਕਿਹਾ- ਮੇਰੇ ਦੌਰ ''ਚ ਸਾਰੇ ਪਾਕਿ ਖਿਡਾਰੀ ਸਨ ਮੈਚ ਫਿਕਸਰ

11/02/2019 2:10:58 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇਕ ਟੀ. ਵੀ. ਸ਼ੋਅ ਦੌਰਾਨ ਸਵੀਕਾਰ ਕੀਤਾ ਕਿ ਉਸ ਦੇ ਦੌਰ ਵਿਚ ਮੈਚ ਫਿਕਸਿੰਗ ਹੋਈ ਸੀ। ਉਸ ਨੇ ਕਿਹਾ, ''ਇਕ ਸਮਾਂ ਸੀ ਜਦੋਂ ਮੈਂ 22 ਖਿਡਾਰੀਆਂ ਖਿਲਾਫ ਖੇਡਦਾ ਸੀ। 11 ਵਿਰੋਧੀ ਟੀਮ ਅਤੇ 10 ਮੇਰੀ ਟੀਮ ਦੇ ਪਰ ਮੈਂ ਕਦੇ ਵੀ ਇਸ ਗੰਦਗੀ ਵਿਚ ਸ਼ਾਮਲ ਨਹੀਂ ਹੋਇਆ। ਉਸ ਦੇ ਕਹਿਣ ਦਾ ਮਤਲਬ ਸੀ ਕਿ ਪਾਕਿ ਟੀਮ ਦੇ ਸਾਰੇ ਖਿਡਾਰੀ ਮੈਚ ਫਿਕਸ ਕਰਦੇ ਸਨ।

ਆਮਿਰ-ਆਸਿਫ ਦਾ ਮੁੰਹ ਤੋੜਨਾ ਚਾਹੁੰਦਾ ਸੀ ਮੈਂ : ਸ਼ੋਇਬ

ਸ਼ੋਇਬ ਨੇ ਕਿਹਾ, ਮੈਂ ਮੁਹੰਮਦ ਆਮਿਰ ਅਤੇ ਮੁਹੰਮਦ ਆਸਿਫ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹ ਇਸ ਗੰਦਗੀ ਵਿਚ ਨਾ ਪੈਣ। ਜਦੋਂ ਮੈਨੂੰ ਉਨ੍ਹਾਂ ਦੇ ਫਿਕਸਿੰਗ ਵਿਚ ਸ਼ਮਾਲ ਹੋਣ ਦਾ ਪਤਾ ਚੱਲਿਆ ਤਾਂ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਕੰਧ 'ਤੇ ਮੁੱਕੇ ਮਾਰ ਕੇ ਕੰਧ ਤੋੜ ਦਿੱਤੀ। ਫਿਰ ਮੈਂ ਇਨ੍ਹਾਂ ਦੋਵਾਂ ਦਾ ਮੁੰਹ ਤੋੜਨ ਲਈ ਗਿਆ ਪਰ ਉਹ ਨਹੀਂ ਮਿਲੇ।'' ਸ਼ੋਇਬ ਨੇ ਕਿਹਾ ਕਿ ਇਸ ਫਿਕਸਿੰਗ ਕਾਰਨ ਪਾਕਿਸਤਾਨ ਨੇ 2 ਬਹੁਤ ਹੀ ਹੁਨਰਮੰਦ ਗੇਂਦਬਾਜ਼ ਗੁਆ ਦਿੱਤੇ। ਉਸ ਨੇ ਕਿਹਾ ਕਿ ਸੱਚ ਗੱਲ ਦੱਸਾਂ ਤਾਂ ਮੈਂ 22 ਖਿਡਾਰੀਆਂ ਖਿਲਾਫ ਖੇਡਦਾ ਸੀ। ਮੈਚ ਦੌਰਾਨ ਪਤਾ ਨਹੀਂ ਚਲਦਾ ਸੀ ਕਿ ਕਿਹੜਾ ਖਿਡਾਰੀ ਮੈਚ ਫਿਕਸਿੰਗ ਕਰ ਰਿਹਾ ਹੈ।

ਆਸਿਫ ਨੇ ਮੰਨੀ ਮੈਚ ਫਿਕਸਿੰਗ ਦੀ ਗੱਲ

ਸ਼ੋਇਬ ਨੇ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਤੁਹਾਨੂੰ ਬ੍ਰੇਕਿੰਗ ਨਿਊਜ਼ ਦੇ ਰਿਹਾ ਹਾਂ। ਆਸਿਫ ਨੇ ਮੈਨੂੰ ਦੱਸਿਆ ਕਿ ਅਸੀਂ ਕਿਹੜੇ-ਕਿਹੜੇ ਮੈਚ ਫਿਕਸ ਕੀਤੇ ਅਤੇ ਕਿਸ ਤਰ੍ਹਾਂ ਕੀਤੇ। ਇਸ ਤੋਂ ਬਾਅਦ ਮੈਂ ਉਸ ਤੋਂ ਪੁੱਛਿਆ ਕਿ ਮੈਂ ਉਸ ਮੈਚ ਵਿਚ ਕੀ ਕਰ ਰਿਹਾ ਸੀ ਤਾਂ ਆਸਿਫ ਨੇ ਜਵਾਬ ਦਿੱਤਾ ਕਿ ਤੁਸੀਂ ਤਾਂ ਮਲੰਗ ਵਿਅਕਤੀ ਹੋ। ਤਦ ਤੁਸੀਂ ਆਪਣਾ ਜ਼ੋਰ ਲਗਾ ਰਹੇ ਸੀ ਅਤੇ ਅਸੀਂ ਆਪਣਾ ਜ਼ੋਰ। ਪਾਕਿਸਤਾਨ ਦੇ ਮੈਚ ਫਿਕਸ ਕਰਨ ਵਾਲੇ ਖਿਡਾਰੀਆਂ ਨੇ ਆਪਣੇ ਮੁਲਕ ਨੂੰ ਧੋਖਾ ਦਿੱਤਾ ਅਤੇ ਵੇਚਿਆ ਹੈ। ਇਹ ਅਪਰਾਧ ਹੈ। ਇਸ ਦਾ ਨਿਆ ਉੱਪਰ ਵਾਲਾ ਕਰੇਗਾ।