Ind-pak ਸੀਰੀਜ਼ ’ਤੇ ਫਿਰ ਬੋਲੇ ਅਖਤਰ, ‘ਕਪਿਲ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਪਰ ਲੋਕਾਂ ਨੂੰ ਤਾਂ ਹੈ’

04/12/2020 2:01:21 PM

ਨਵੀਂ ਦਿੱਲੀ : ਸ਼ੋਇਬ ਅਖਤਰ ਨੇ ਹਾਲ ਹੀ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਸ਼ੁਰੂ ਕਰਾਉਣ ਦਾ ਪ੍ਰਸਤਾਵ ਰੱਖਿਆ ਸੀ। ਉਸ ਨੇ ਸੁਝਾਅ ਦਿੱਤਾ ਸੀ ਕਿ ਇਸ ਸੀਰੀਜ਼ ਤੋਂ ਹੋਈ ਕਮਾਈ ਦਾ ਇਸਤੇਮਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਵਿਚ ਕੀਤਾ ਜਾਵੇ। ਉਸ ਨੇ ਨਾਵਲ ਕੋਰੋਨਾ ਵਾਇਰਸ ਨਾਲ ਪੈਦਾ ਸਿਹਤ ਸਬੰਧੀ ਪਰੇਸ਼ਾਨੀਆਂ ਨਾਲ ਨਜਿੱਠਣ ਲਈ ਭਾਰਤ ਸਰਕਾਰ ਤੋਂ 10,000 ਵੈਂਟੀਲੇਟਰ ਦੇਣ ਦੀ ਮੰਗ ਕੀਤੀ ਸੀ। ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਸੀ ਕਿ ਭਾਰਤ ਦਾ ਅਹਿਸਾਨ ਉਹ ਹਮੇਸ਼ਾ ਯਾਦ ਰੱਖੇਗਾ। 

ਅਖਤਰ ਨੇ ਕਿਹਾ ਸੀ ਕਿ ਇਸ ਸੀਰੀਜ਼ ਤੋਂ ਹੋਣ ਵਾਲੀ ਕਮਾਈ ਦੋਵੇਂ ਦੇਸ਼ਾਂ ਵਿਚ ਕੋਰੋਨਾ ਖਿਲਾਫ ਲੜਾਈ ਵਿਚ ਕੰਮ ਆ ਸਕਦੀ ਹੈ। ਹੁਣ ਅਖਤਰ ਨੇ ਇਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਇਹ ਸਮਾਂ ਆਪਸ ’ਚ ਜੰਗ ਲੜਨ ਦਾ ਜਾਂ ਜ਼ਿਆਦਾ ਖਰਚਾ ਡਿਫੈਂਸ ’ਤੇ ਕਰਨ ਦਾ ਨਹੀਂ ਹੈ। ਇਹ ਸਮਾਂ ਸਿਹਤ ਸਹੂਲਤਾਂ ਨੂੰ ਸੁਧਾਰਨ ਦਾ ਹੈ। ਭਾਰਤ ਅਤੇ ਪਾਕਿਸਤਾਨ ਨੂੰ ਮਿਲ ਕੇ ਕੰਮ ਕਰਨਾ ਚਾਹੀਹਾ ਹੈ। ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਵਿਚਾਲੇ ਚੈਰਿਟੀ ਮੈਚ ਨੂੰ ਲੈ ਕੇ ਕਪਿਲ ਦੇਵ ਨੇ ਅਖਤਰ ’ਤੇ ਹਮਲਾ ਬੋਲਿਆ ਸੀ। ਕਪਿਲ ਨੇ ਕਿਹਾ ਸੀ ਕਿ ਭਾਰਤ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ। 

ਅਖਤਰ ਨੇ ਕਪਿਲ ਦੇ ਬਿਆਨ ਦਾ ਦਿੱਤਾ ਜਵਾਬ

ਅਖਤਰ ਨੇ ਕਪਿਲ ਦੇ ਬਿਆਨ ’ਤੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕਪਿਲ ਪਾਜੀ ਨੂੰ ਉਹ ਸਮਝ ਆਇਆ, ਜੋ ਮੈਂ ਕਹਿਣਾ ਚਾਹੁੰਦਾ ਸੀ। ਹਰ ਕੋਈ ਆਰਥਿਕ ਤੌਰ ’ਤੇ ਜਾਲ ਵਿਚ ਉਲਝਿਆ ਹੋਇਆ ਹੈ। ਇਹ ਉਹ ਸਮਾਂ ਹੈ ਜਦੋਂ ਅਸੀਂ ਸਾਰਿਆਂ ਨੂੰ ਆਪਣੇ ਸਿਰ ਇਕ ਜਗ੍ਹਾ ਰੱਖ ਕੇ ਮਾਲੀਆ ਇਕੱਠਾ ਕਰਨ ਦੇ ਬਾਰੇ ਸੋਚਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਪਿਲ ਨੂੰ ਪੈਸਿਆਂ ਦੀ ਜ਼ਰੂਰਤ ਨਾ ਹੋਵੇ ਪਰ ਹੋਰ ਲੋਕਾਂ ਨੂੰ ਤਾਂ ਹੈ। ਮੇਰੇ ਖਿਆਲ ਨਾਲ ਇਸ ਸਲਾਹ ’ਤੇ ਜਲਦੀ ਵਿਚਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਅਖਤਰ ਨੇ ਇਹ ਵੀ ਕਿਹਾ ਕਿ ਭਾਰਤ ਵਿਚ ਉਸ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆਂ ਹਾਂ ਕਿ ਮੈਂ ਭਾਰਤ ਨੂੰ ਸਾਡੇ ਪੀ. ਐੱਮ. ਇਮਰਾਨ ਖਾਨ ਤੋਂ ਵੀ ਜ਼ਿਆਦਾ ਜਾਣਦਾ ਹਾਂ। ਮੈਂ ਭਾਰਤ ਵਿਚ ਕਈ ਸੂਬਿਆਂ ਵਿਚ ਯਾਤਰਾ ਕੀਤੀ ਹੈ ਅਤੇ ਬਹੁਤ ਲੋਕਾਂ ਨਾਲ ਗੱਲ ਕੀਤੀ ਹੈ। ਮੈਂ ਇੱਥੇ ਲੋਕਾਂ ਨੂੰ ਹਮੇਸ਼ਾ ਦਸਦਾ ਹਾਂ ਕਿ ਭਾਰਤੀ ਕਿਸ ਤਰ੍ਹਾਂ ਦੇ ਹਨ। ਸਾਡੇ ਦੇਸ਼ ਵਿਚ ਕਾਫੀ ਗਰੀਬੀ ਹੈ। ਮੈਂ ਦੁਖੀ ਹੁੰਦਾ ਹਾਂ ਜਦੋਂ ਲੋਕ ਤਕਲੀਫ ਵਿਚ ਹੋਣ। ਇਕ ਇਨਸਾਨ ਅਤੇ ਮੁਸਲਮਾਨ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਜਿੰਨਾ ਹੋ ਸਕੇ ਮਦਦ ਕਰ ਸਕਾਂ।

Ranjit

This news is Content Editor Ranjit