ਅਖਿਲ ਨੇ ਦਿਲਬਾਗ ਦੇ ਮੁਆਫੀ ਮੰਗਣ ਤੋਂ ਬਾਅਦ ਮਾਣਹਾਨੀ ਦਾ ਮਾਮਲਾ ਲਿਆ ਵਾਪਸ

06/06/2019 2:06:02 AM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਤੇ ਭਾਰਤੀ ਮੁੱਕੇਬਾਜ਼ੀ ਦੇ ਰਾਸ਼ਟਰੀ ਖਿਡਾਰੀ ਅਖਿਲ ਕੁਮਾਰ ਨੇ ਸਾਥੀ ਮੁੱਕੇਬਾਜ਼ ਦਿਲਬਾਗ ਸਿੰਘ ਵਿਰੁੱਧ ਅਪਰਾਧਕ ਮਾਣਹਾਨੀ ਦਾ ਮਾਮਲਾ ਵਾਪਸ ਲੈ ਲਿਆ ਹੈ। ਦਿਲਬਾਗ ਨੇ 2013 'ਚ ਕੀਤੀ ਗਈ ਗਲਤ ਟਿੱਪਣੀ ਲਈ ਮੁਆਫੀ ਮੰਗ ਲਈ ਹੈ, ਜਿਸ ਤੋਂ ਬਾਅਦ ਅਖਿਲ ਨੇ ਇਹ ਫੈਸਲਾ ਕੀਤਾ। ਰਾਸ਼ਟਰਮੰਡਲ ਖੇਡ 2010 ਦੇ ਕਾਂਸੀ ਤਮਗਾ ਜੇਤੂ ਤੇ 2011 'ਚ ਡੋਪਿੰਗ ਕਾਰਨ ਪਾਬੰਦੀ ਝੱਲਣ ਵਾਲੇ ਦਿਲਬਾਗ ਨੇ 2013 'ਚ ਦੋਸ਼ ਲਗਾਇਆ ਸੀ ਕਿ ਅਖਿਲ ਨੇ ਉਸ ਸਾਲ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੇ ਕਰੀਬੀ ਮਨਦੀਪ ਜਾਂਗੜਾ ਦੀ ਚੋਣ ਕਰਵਾਉਣ ਲਈ ਚੋਣ ਕਮੇਟੀ ਨੂੰ ਪ੍ਰਭਾਵਤ ਕੀਤਾ ਸੀ। ਅਖਿਲ ਨੇ ਇਸ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਸੀ ਜਿਸ 'ਚ ਭਾਰਤੀ ਅਪਰਾਧ ਦੀ ਧਾਰਾ 499 ਤੇ ਧਾਰਾ 500 ਤਹਿਤ ਕੇਸ ਦਰਜ ਕੀਤਾ ਗਿਆ ਸੀ। ਦਿਲਬਾਗ ਨੇ ਇਸ ਤੋਂ ਬਾਅਦ ਕਾਨੂੰਨੀ ਨੋਟਿਸ ਮਿਲਣ ਦੇ ਬਾਵਜੂਦ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਅਖਿਲ ਨੇ 2014 ਦਾ ਮਾਮਲਾ ਦਰਜ ਕਰਵਾ ਦਿੱਤਾ ਸੀ।


Gurdeep Singh

Content Editor

Related News