CWC 2019 : ਹਾਰ ਤੋਂ ਬਾਅਦ ਬੰਗਲਾਦੇਸ਼ ਦੇ ਕਪਤਾਨ ਬੋਲੇ- ਕਿਸਮਤ ਸਾਡੇ ਨਾਲ ਨਹੀਂ ਸੀ
Wednesday, Jul 03, 2019 - 12:51 AM (IST)

ਸਪੋਰਟਸ ਡੈੱਕਸ— ਬੰਗਲਾਦੇਸ਼ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ ਦੇ ਲੀਗ ਮੈਚ 'ਚ ਭਾਰਤ ਨੇ 28 ਦੌੜਾਂ ਨਾਲ ਜਿੱਤ ਹਾਸਲ ਕਰ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਹਾਰ ਤੋਂ ਬਾਅਦ ਕਪਤਾਨ ਮਸ਼ਰਫੇ ਮੁਰਤਜਾ ਨੇ ਕਿਹਾ ਕਿ ਇਹ ਉਹ ਮੈਚ ਸੀ ਜੋ ਅਸੀਂ ਜਿੱਤਣਾ ਸੀ ਪਰ ਇਸ ਤਰ੍ਹਾਂ ਹੋ ਨਹੀਂ ਸਕਿਆ। ਇਸ ਮੈਚ 'ਚ ਮੁਸਤਾਫਿਜ਼ੁਰ ਦੀ ਸ਼ਾਨਦਾਰ ਪਰਫਾਰਮੈਂਸ ਦੇਖਣ ਨੂੰ ਮਿਲੀ।
ਮੁਰਤਜਾ ਨੇ ਕਿਹਾ ਕਿ ਸਾਡੇ 'ਚੋਂ ਕੋਈ ਵੀ ਖਿਡਾਰੀ ਜ਼ਿਆਦਾ ਦੇਰ ਤਕ ਕ੍ਰੀਜ਼ 'ਤੇ ਰਹਿਣਾ ਚਾਹੀਦਾ ਸੀ ਤੇ 80-90 ਸਕੋਰ ਬਣਾਉਣਾ ਚਾਹੀਦਾ ਸੀ। ਇਸ 'ਚ ਕੁਝ ਕਿਸਮਤ ਦਾ ਵੀ ਹੱਥ ਸੀ ਜੋ ਸਾਡੇ ਪੱਖ 'ਚ ਨਹੀਂ ਸੀ। ਭਾਰਤ ਦੇ ਨਾਲ ਖੇਡਿਆ ਗਿਆ ਇਹ ਮੁਕਾਬਲਾ ਬਹੁਤ ਵਧੀ ਸੀ। ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਦੀ ਸ਼ਲਾਘਾ ਕੀਤੀ, ਜਿਸ ਨੇ ਸ਼ਾਨਦਾਰ ਸੈਂਕੜਾ ਲਗਾਇਆ। ਅਸੀਂ ਆਖਰੀ ਮੁਕਾਬਲਾ ਸਰਵਸ੍ਰੇਸ਼ਠ ਖੇਡਣ ਦੀ ਕੋਸ਼ਿਸ਼ ਕਰਾਂਗੇ।
ਜ਼ਿਕਰਯੋਗ ਹੈ ਕਿ ਹਿੱਟਮੈਨ ਰੋਹਿਤ ਸ਼ਰਮਾ (104) ਦੇ ਰਿਕਾਰਡ ਸੈਂਕੜੇ ਤੇ ਉਸ ਦੀ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਵਿਸ਼ਵ ਕੱਪ ਦੇ ਰੋਮਾਂਚਕ ਲੀਗ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਦੀ ਬਦੌਲਤ 50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਬੁਮਰਾਹ (55 ਦੌੜਾਂ 'ਤੇ 4 ਵਿਕਟਾਂ) ਤੇ ਪੰਡਯਾ (60 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 48 ਓਵਰਾਂ ਵਿਚ 286 ਦੌੜਾਂ 'ਤੇ ਹੀ ਢੇਰ ਹੋ ਗਈ।