ਆਖਰ ਕੋਹਲੀ ਨੂੰ ਕਾਊਂਟੀ ਕ੍ਰਿਕਟ ਖੇਡਣ ਦੀ ਸਲਾਹ ਕਿਉਂ ਦੇ ਰਹੇ ਹਨ ਕਪਿਲ ਦੇਵ

03/07/2018 3:10:10 PM

ਨਵੀਂ ਦਿੱਲੀ, (ਬਿਊਰੋ)— ਮੌਜੂਦਾ ਸਮੇਂ ਭਾਰਤ ਦੇ ਕਿਸੇ ਇੱਕ ਬੱਲੇਬਾਜ਼ ਦਾ ਬੱਲਾ ਸੁਪਰ ਫ਼ਾਰਮ ਵਿੱਚ ਹੈ ਤਾਂ ਉਹ ਹੈ ਵਿਰਾਟ ਕੋਹਲੀ। ਕ੍ਰਿਕਟ ਦੇ ਹਰ ਫਾਰਮੈਟ ਵਿੱਚ ਕੋਹਲੀ ਜ਼ੋਰਦਾਰ ਬੱਲੇਬਾਜ਼ੀ ਕਰ ਰਹੇ ਹਨ। ਹਾਲ ਹੀ ਵਿੱਚ ਟੀਮ ਇੰਡੀਆ ਦੇ ਸਾਉਥ ਅਫਰੀਕਾ ਦੌਰੇ ਉੱਤੇ ਵੀ ਕੋਹਲੀ ਦੇ ਬੱਲੇ ਦੀ ਧਮਕ ਸੁਣਾਈ ਦਿੱਤੀ ਸੀ। ਦੁਨੀਆ ਦੇ ਸਾਰੇ ਐਕਸਪਰਟ ਕੋਹਲੀ ਨੂੰ ਹੁਣ ਇੱਕ ਪਰਫੈਕਟ ਬੱਲੇਬਾਜ਼ ਮੰਨ ਰਹੇ ਹਨ ਪਰ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦਾ ਮੰਨਣਾ ਹੈ ਕਿ ਕੋਹਲੀ ਨੂੰ ਜੇਕਰ ਇੰਗਲੈਂਡ ਵਿੱਚ ਜਾ ਕੇ ਦੌੜਾਂ ਬਣਾਉਣੀਆਂ ਹਨ ਤਾਂ ਫਿਰ ਉਨ੍ਹਾਂ ਨੂੰ ਉੱਥੇ ਜਾ ਕੇ ਕਾਉਂਟੀ ਕ੍ਰਿਕਟ ਖੇਡਣ ਦੀ ਜ਼ਰੂਰਤ ਹੈ।

ਦਰਅਸਲ ਟੀਮ ਇੰਡੀਆ ਇਸ ਸਾਲ ਅਗਸਤ ਵਿੱਚ ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਇੰਗਲੈਂਡ ਰਵਾਨਾ ਹੋਵੇਗੀ। ਕੋਹਲੀ ਦੀ ਕਪਤਾਨੀ ਵਿੱਚ ਇਸ ਦੌਰੇ ਨੂੰ ਟੀਮ ਇੰਡੀਆ ਦਾ ਸਭ ਤੋਂ ਮੁਸ਼ਕਲ ਟੈਸਟ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਸਾਲ 2011 ਅਤੇ 2014 ਵਿੱਚ ਇੰਗਲੈਂਡ ਵਿੱਚ ਮਾਤ ਖਾ ਚੁੱਕੀ ਹੈ।  ਚਾਰ ਸਾਲ ਪਹਿਲਾਂ ਦਾ ਇਹ ਦੌਰਾ ਕੋਹਲੀ ਲਈ ਇੱਕ ਭੈੜੇ ਸੁਪਨੇ ਵਾਂਗ ਸਾਬਤ ਹੋਇਆ ਸੀ। ਇਸ ਦੌਰੇ 'ਤੇ ਕੋਹਲੀ ਨੇ ਸਿਰਫ਼ 13.40 ਦੀ ਔਸਤ ਨਾਲ ਹੀ ਦੌੜਾਂ ਬਣਾਈਆਂ ਸਨ ਜਦੋਂ ਕਿ ਉਨ੍ਹਾਂ ਦੇ ਟੈਸਟ ਕਰੀਅਰ ਦਾ ਔਸਤ 53.40 ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਪਿਲ ਦੇਵ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ 'ਤੇ ਇਕ ਸਿਰਫ ਸਵਾਲੀਆ ਨਿਸ਼ਾਨ ਇਹੀ ਹੈ ਕਿ ਉਹ ਇੰਗਲੈਂਡ ਦੇ ਹਾਲਾਤਾਂ ਵਿੱਚ ਦੌੜਾਂ ਨਹੀਂ ਬਣਾ ਸਕੇ ਹਨ। ਐਲਨ ਬਾਰਡਰ, ਵਿਵੀ ਰਿਚਰਡਸ ਅਤੇ ਸੁਨੀਲ ਗਾਵਸਕਰ ਜਿਹੇ ਬੱਲੇਬਾਜ਼ ਹਰ ਤਰ੍ਹਾਂ ਦੇ ਹਾਲਾਤ ਵਿੱਚ ਦੌੜਾਂ ਬਣਾਉਂਦੇ ਸਨ। ਵਿਰਾਟ ਨੂੰ ਇੰਗਲੈਂਡ ਦੌਰੇ ਤੋਂ ਪਹਿਲਾਂ ਕਾਉਂਟੀ ਕ੍ਰਿਕਟ ਖੇਡਕੇ ਇੱਥੇ ਦੇ ਮਾਹੌਲ ਦੇ ਮੁਤਾਬਕ ਤਾਲਮੇਲ ਬਿਠਾਉਣ ਦੀ ਜ਼ਰੂਰਤ ਹੈ।

ਸਾਲ 1986 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਹੀ ਟੀਮ ਇੰਡੀਆ ਨੇ ਇੰਗਲੈਂਡ ਵਿੱਚ ਟੈਸਟ ਸੀਰੀਜ਼ ਜਿੱਤੀ ਸੀ।  ਇਸ ਸੀਰੀਜ਼ ਤੋਂ ਪਹਿਲਾਂ ਕਪਿਲ ਦੇਵ ਨੇ ਦੋ ਸੀਜ਼ਨ ਤੱਕ ਕਾਉਂਟੀ ਕਰਿਕਟ ਵਿੱਚ ਹੱਥ ਆਜ਼ਮਾਇਆ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਕੋਹਲੀ ਨੂੰ ਵੀ ਅਜਿਹੀ ਹੀ ਤਿਆਰੀ ਦੀ ਜ਼ਰੂਰਤ ਹੈ।