ਅਫਰੀਦੀ ਨੇ ਮੋਦੀ ਸਰਕਾਰ ਖਿਲਾਫ ਫਿਰ ਉਗਲਿਆ ਜ਼ਹਿਰ, ਭਾਰਤ-ਪਾਕਿ ਸੀਰੀਜ਼ ’ਤੇ ਕਹੀ ਵੱਡੀ ਗੱਲ

04/13/2020 1:32:36 PM

ਨਵੀਂ ਦਿੱਲੀ : ਪਾਕਿਸਤਾਨੀ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਹਾਲ ਹੀ ’ਚ ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੰਡ ਇਕੱਠਾ ਕਰਨ ਦੇ ਲਈ ਸੀਰੀਜ਼ ਕਰਵਾਉਣ ਦਾ ਸੁਝਾਅ ਦਿੱਤਾ ਸੀ ਪਰ ਕਪਿਲ ਦੇਵ, ਰਾਜੀਵ ਸ਼ੁਕਲਾ ਅਤੇ ਜ਼ਹੀਰ ਅੱਬਾਸ ਨੇ ਉਸ ਦੇ ਸੁਝਾਅ ਨੂੰ ਠੁਕਰਾਉਂਦਿਆਂ ਕਿਹਾ ਕਿ ਇਹ ਸੀਰੀਜ਼ ਕਰਾਉਣ ਦਾ ਸਮਾਂ ਨਹੀਂ ਹੈ ਅਤੇ ਇਸ ਪੇਸ਼ਕਸ਼ ਨੂੰ ਮਜ਼ਾਕ ’ਚ ਲਿਆ ਸੀ। ਉਨ੍ਹਾਂ ਕਿਹਾ ਸੀ ਕਿ ਮੌਜੂਦਾ ਸਮੇਂ ਕ੍ਰਿਕਟ ਖੇਡਣਾ ਖਿਡਾਰੀਆਂ ਨੂੰ ਜੋਖਮ ’ਚ ਪਾਉਣਾ ਹੋਵੇਗਾ। ਹੁਣ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਹਿਦ ਅਫਰੀਦੀ ਰਾਵਲਪਿੰਡੀ ਐਕਸਪ੍ਰੈਸ ਦੇ ਬਚਾਅ ’ਚ ਉਤਰੇ ਹਨ ਅਤੇ ਉਸ ਨੇ ਮੌਜੂਦਾ ਭਾਰਤੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਕਾਰਨ ਕੋਈ ਸੀਰੀਜ਼ ਹੋਣੀ ਮੁਸ਼ਕਿਲ ਹੈ। ਦੋਵਾਂ ਵਿਚਾਲੇ ਆਖਰੀ ਵਾਰ 2012 ਵਿਚ ਵਨ ਡੇ ਸੀਰੀਜ਼ ਖੇਡੀ ਗਈ ਸੀ। ਇਸ ਵਿਚਾਲੇ ਸ਼ਾਹਿਦ ਅਫਰੀਦੀ ਨੇ ਭਾਰਤ ਸਰਕਾਰ ਖਿਲਾਫ ਬੋਲਦਿਆਂ ਕਿਹਾ ਕਿ ਪਾਕਿਸਤਾਨ ਹਮੇਸ਼ਾ ਭਾਰਤ ਦੇ ਨਾਲ ਕ੍ਰਿਕਟ ਖੇਡਣਾ ਚਾਹੁੰਦਾ ਹੈ ਅਤੇ ਇਹ ਮੋਦੀ ਸਰਕਾਰ ਦੀ ਨਾਂ ਪੱਖੀ ਸੋਚ ਕਾਰਨ ਫਿਲਹਾਲ ਸੰਭਵ ਨਹੀਂ ਹੈ। 

ਅਫਰੀਦੀ ਨੇ ਪਾਕਿ ਮੀਡੀਆ ਦੇ ਹਵਾਲੇ ਤੋਂ ਕਿਹਾ, ‘‘ਅਸੀਂ ਭਾਰਤ ਖਿਲਾਫ ਖੇਡਣਾ ਚਾਹੁੰਦੇ ਹਾਂ ਪਰ ਇਸ ਹਾਲਾਤਾਂ ਵਿਚ ਮੋਦੀ ਸਰਕਾਰ ਦੀ ਵਜ੍ਹਾ ਤੋਂ ਇਹ ਮੁਸ਼ਕਿਲ ਹੈ ਕਿਉਂਕਿ ਭਾਰਤ ਵੱਲੋਂ ਨਾਂ ਪੱਖੀ ਸੋਚ ਸਾਹਮਣੇ ਆ ਰਹੀ ਹੈ। ਪਾਕਿਸਤਾਨ ਹਮੇਸ਼ਾ ਹਾਂ ਪੱਕੀ ਰਿਹਾ ਹੈ ਪਰ ਭਾਰਤ ਨੂੰ ਵੀ ਸਾਡੇ ਪ੍ਰਤੀ ਹਾਂ ਪੱਖੀ ਕਦਮ ਚੁੱਕਣਾ ਚਾਹੀਦਾ ਹੈ।’’

ਜ਼ਿਕਰਯੋਗ ਹੈ ਕਿ ਅਖਤਰ ਦੇ ਭਾਰਤ-ਪਾਕਿ ਵਿਚਾਲੇ ਮੈਚ ਵਾਲੇ  ਬਿਆਨ ਤੋਂ ਬਾਅਦ ਭਾਰਤੀ ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ। ਇਸ ਸਮੇਂ ਕ੍ਰਿਕਟ ਨਹੀਂ ਖੇਡੀ ਜਾ ਸਕਦੀ। ਇਸ ’ਤੇ ਅਖਤਰ ਨੇ ਵੀ ਪਲਟਵਾਰ ਕਰਦਿਆਂ ਕਿਹਾ ਸੀ ਕਿ ਕਪਿਲ ਪਾਜੀ ਨੂੰ ਸ਼ਾਇਦ ਪੈਸਿਆਂ ਦੀ ਜ਼ਰੂਰ ਨਹੀਂ ਹੈ ਪਰ ਬਾਕੀ ਲੋਕਾਂ ਨੂੰ ਤਾਂ ਹੈ।

Ranjit

This news is Content Editor Ranjit