ਅਫਗਾਨਿਸਤਾਨ ਨੇ ਆਇਰਲੈਂਡ ਨੂੰ 11 ਦੌੜਾਂ ਨਾਲ ਹਰਾਇਆ

03/06/2020 9:20:08 PM

ਗ੍ਰੇਟਰ ਨੋਇਡਾ— ਅਫਗਾਨਿਸਤਾਨ ਨੇ ਆਇਰਲੈਂਡ ਨੂੰ ਟੀ-20 ਮੁਕਾਬਲੇ 'ਚ ਸ਼ੁੱਕਰਵਾਰ ਨੂੰ ਡਕਵਰਥ ਲੂਈਸ ਨਿਯਮ ਤਹਿਤ 11 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਅਫਗਾਨਿਸਤਾਨ ਨੇ ਗ੍ਰੇਟਰ ਨੋਇਡਾ ਨੂੰ ਆਪਣੇ ਘਰੇਲੂ ਮੈਦਾਨ ਬਣਾ ਰੱਖਿਆ ਹੈ ਤੇ ਇਹ ਮੁਕਾਬਲਾ ਗ੍ਰੇਟਰ ਨੋਇਡਾ ਸਪੋਰਟਸ ਕੰਪਲੈਕਸ 'ਚ ਖੇਡਿਆ ਗਿਆ। ਮੈਚ ਠੀਕ ਚੱਲ ਰਿਹਾ ਸੀ ਪਰ ਅਫਗਾਨਿਸਤਾਨ ਦੀ ਪਾਰੀ ਦੇ 15ਵੇਂ ਓਵਰ ਤੋਂ ਬਾਅਦ ਮੀਂਹ ਨਾਲ ਇਸ 'ਚ ਰੁਕਾਵਟ ਆਈ ਤੇ ਫਿਰ ਖੇਡ ਸ਼ੁਰੂ ਨਹੀਂ ਹੋ ਸਕਿਆ। ਆਇਰਲੈਂਡ ਨੇ 20 ਓਵਰਾਂ 'ਚ 6 ਵਿਕਟਾਂ 'ਤੇ 172 ਦੌੜਾਂ ਬਣਾਈਆਂ ਸਨ ਜਦਕਿ ਅਫਗਾਨਿਸਤਾਨ ਨੇ 15 ਓਵਰ 'ਚ 5 ਵਿਕਟਾਂ 'ਤੇ 133 ਦੌੜਾਂ ਬਣਾਈਆਂ। ਇਸ ਸਮੇਂ ਅਫਗਾਨਿਸਤਾਨ ਦੀ ਟੀਮ ਡਕਵਰਥ ਲੂਈਸ ਨਿਯਮ ਦੇ ਤਹਿਤ ਪਾਰ ਸਕੋਰ ਤੋਂ ਅੱਗੇ ਸੀ ਤੇ ਉਸ ਨੇ ਇਹ ਮੁਕਾਬਲਾ ਜਿੱਤ ਲਿਆ। ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੇ ਪਹਿਲੇ ਚਾਰ ਓਵਰਾਂ 'ਚ 50 ਦੌੜਾਂ ਬਣਾਈਆਂ ਸਨ। ਅਫਗਾਨਿਸਤਾਨ ਦਾ ਪਹਿਲਾਂ ਵਿਕਟ 5ਵੇਂ ਓਵਰ 'ਚ 54 ਦੌੜਾਂ 'ਤੇ ਡਿੱਗਿਆ ਸੀ। ਅਫਗਾਨਿਸਤਾਨ ਵਲੋਂ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਚਾਰ ਓਵਰਾਂ 'ਚ 22 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਸੀਰੀਜ਼ ਦੇ ਅਗਲੇ 2 ਮੈਚ 8 ਤੇ 10 ਮਾਰਚ ਨੂੰ ਖੇਡੇ ਜਾਣਗੇ।

Gurdeep Singh

This news is Content Editor Gurdeep Singh