ਵਿਸ਼ਵ ਕੱਪ ਤੋਂ ਬਾਅਦ ਅਹੁਦਾ ਛੱਡਣਗੇ ਅਫਗਾਨਿਸਤਾਨ ਦੇ ਕੋਚ ਸਿਮੰਸ

05/20/2019 12:57:54 PM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਸਾਬਕਾ ਆਲਰਾਊਂਡਰ ਫਿਲ ਸਿਮੰਸ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਅਫਗਾਨਿਸਤਾਨ ਕ੍ਰਿਕਟ ਟੀਮ ਦਾ ਕੋਚ ਅਹੁਦਾ ਛੱਡ ਦੇਣਗੇ। ਦਸੰਬਰ 2017 ਵਿਚ ਅਹੁਦਾ ਸੰਭਾਲੇ ਸਿਮੰਸ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਵਿਸ਼ਵ ਕੱਪ ਵਿਚ ਲਿਆਉਣ ਦਾ ਟੀਚਾ ਉਸਦਾ ਪੂਰਾ ਹੋ ਗਿਆ ਹੈ ਅਤੇ ਰਵਾਨਗੀ ਦਾ ਸਮਾਂ ਆ ਗਿਆ ਹੈ। ਉਸਨੇ ਕ੍ਰਿਕ ਇਨਫੋ ਨੂੰ ਇੰਟਰਵਿਊ ਦੌਰਾਨ ਕਿਹਾ, ''ਮੈਂ ਇਸ ਬਾਰੇ 'ਚ ਸੋਚਿਆ ਹੈ। ਮੈਂ ਏ. ਸੀ. ਬੀ. ਨੂੰ ਨੋਟਿਸ ਦੇ ਦਿੱਤਾ ਹੈ ਅਤੇ ਆਪਣਾ ਕਰਾਰ ਦੋਬਾਰਾ ਨਹੀਂ ਕਰਾਂਗਾ। ਮੈਂ 15 ਜੁਲਾਈ ਨੂੰ ਕਰਾਰ ਖਤਮ ਹੋਣ ਤੋਂ ਬਾਅਦ ਕੁਝ ਹੋ ਕਰਾਂਗਾ।'' ਉਸਨੇ ਕਿਹਾ, ''ਮੈਂ 18 ਮਹੀਨਿਆਂ ਲਈ ਹੀ ਕੰਮ ਸੰਭਾਲਿਆ ਸੀ ਅਤੇ ਉਸ ਦੌਰਾਨ ਕਾਫੀ ਕੁਝ ਹੋਇਆ ਹੈ। ਹੁਣ ਕੁਝ ਹੋ ਕਰਨ ਦਾ ਸਮਾਂ ਹੈ। ਏ. ਸੀ. ਬੀ. ਦਾ ਟੀਚਾ ਵਿਸ਼ਵ ਕੱਪ ਵਿਚ ਜਗ੍ਹਾ ਬਣਾਉਣਾ ਸੀ ਜਿਸ ਦੇ ਲਈ ਮੇਰੀ ਨਿਯੁਕਤੀ ਕੀਤੀ ਗਈ ਸੀ।''

ਪਿਛਲੇ ਮਹੀਨੇ ਏ. ਸੀ. ਬੀ. ਨੇ ਵਿਵਾਦਤ ਢੰਗ ਨਾਲ ਗੁਲਬਦਨ ਨਾਇਬ ਨੂੰ ਅਸਗਰ ਅਫਗਾਨ ਦੀ ਜਗ੍ਹਾ ਵਨ ਡੇ ਟੀਮ ਦਾ ਕਪਤਾਨ ਬਣਾਇਆ ਸੀ। ਸੀਨੀਅਰ ਖਿਡਾਰੀਆਂ ਰਾਸ਼ੀਦ ਖਾਨ ਅਤੇ ਮੁਹੰਮਦ ਨਬੀ ਨੇ ਇਸਦੀ ਆਲੋਚਨਾ ਕੀਤੀ ਸੀ। ਸਿਮੰਸ ਨੇ ਕਿਹਾ ਕਿ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ ਅਤੇ ਉਸ ਤੋਂ ਇਹ ਫੈਸਲਾ ਲੈਣ ਤੋਂ ਪਹਿਲਾਂ ਸਲਾਹ ਨਹੀਂ ਲਈ ਗਈ।