ਅਡਵਾਨੀ ਨੇ 22ਵਾਂ ਵਿਸ਼ਵ ਖਿਤਾਬ ਜਿੱਤਿਆ

09/15/2019 6:08:09 PM

ਮੰਡਾਲੇ (ਮਿਆਂਮਾਰ)— ਭਾਰਤ ਦੇ ਸਟਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਨੂੰ ਇੱਥੇ 150 ਅਪ ਸਵਰੂਪ ਵਿਚ ਲਗਾਤਾਰ ਚੌਥੇ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਸ ਖਿਤਾਬ ਦੇ ਨਾਲ ਆਪਣੇ ਕਰੀਅਰ ਦਾ 22ਵਾਂ ਵਿਸ਼ਵ ਖਿਤਾਬ ਜਿੱਤਿਆ। ਬਿਲੀਅਰਡਸ ਦੇ ਛੋਟੇ ਸਵਰੂਪ ਵਿਚ ਇਹ 34 ਸਾਲ ਦੇ ਅਡਵਾਨੀ ਦਾ ਪਿਛਲੇ 6 ਸਾਲ ਵਿਚ 5ਵਾਂ ਖਿਤਾਬ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਡਵਾਨੀ ਨੇ ਫਾਈਨਲ ਵਿਚ ਸਥਾਨਕ ਦਾਅਵੇਦਾਰ ਨੇਮ ਧਵਾਯ ਓ ਦੇ ਵਿਰੁੱਧ 6-2 ਨਾਲ ਆਸਾਨ ਜਿੱਤ ਦਰਜ ਕੀਤੀ। ਅਡਵਾਨੀ ਨੇ ਮੁਕਾਬਲੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ 145, 89 ਤੇ 127 ਦੇ ਬ੍ਰੇਕ  ਦੇ ਨਾਲ ਜਲਦ ਹੀ 3-0 ਦੀ ਬੜ੍ਹਤ ਬਣਾ ਲਈ। ਥਵਾਯ ਓ ਨੇ 63 ਤੇ 62 ਦੇ ਬਰੇਕ ਦੇ ਨਾਲ ਅਗਲਾ ਫਰੇਮ ਜਿੱਤਿਆ। ਅਡਵਾਨੀ ਨੇ ਇਸ ਤੋਂ ਬਾਅਦ 150 ਦੇ ਅਟੁੱਟ ਬ੍ਰੇਕ ਤੇ 74 ਦੇ ਬ੍ਰੇਕ ਦੇ ਨਾਲ ਆਸਾਨੀ ਨਾਲ ਮੁਕਾਬਲਾ ਜਿੱਤ ਲਿਆ, ਜਿਸ ਨਾਲ ਥਵਾਯ ਓ ਵਿਚ ਲਗਾਤਾਰ ਦੂਜੇ ਸਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਬੈਂਗਲੁਰੂ ਦੇ ਅਡਵਾਨੀ ਨਾਲ ਵੱਧ ਵਿਸ਼ਵ ਕਿਊ ਖਿਤਾਬ ਕਿਸੇ ਖਿਡਾਰੀ ਨੇ ਨਹੀਂ ਜਿੱਤੇ ਹਨ।

ਅਡਵਾਨੀ ਨੇ 22ਵਾਂ ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਕਿਹਾ, ''ਹਰੇਕ ਵਾਰ ਮੈਂ ਜਦੋਂ ਵੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈਂਦਾ ਹਾਂ, ਇਕ ਚੀਜ਼ ਸਪੱਸ਼ਟ ਹੁੰਦੀ ਹੈ। ਮੇਰੀ ਪ੍ਰੇਰਣਾ ਵਿਚ ਕੋਈ ਕਮੀ ਨਹੀਂ ਹੁੰਦੀ। ਇਹ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਮੇਰੀ ਭੁੱਖ ਤੇ ਮੇਰੇ ਅੰਦਰ ਦੀ ਅੱਗ ਬਰਕਰਾਰ ਹੈ।''
ਅਡਵਾਨੀ ਨੂੰ 24 ਘੰਟੇ ਦੇ ਅੰਦਰ ਸਨੂਕਰ ਵਿਚ ਲੈਅ ਹਾਸਲ ਕਰਨੀ ਪਵੇਗੀ ਕਿਉਂਕਿ ਉਸ ਨੂੰ ਆਈ. ਬੀ. ਐੱਸ. ਐੱਫ. ਵਿਸ਼ਵ 6 ਰੈੱਡ ਸਨੂਕਰ ਤੇ ਵਿਸ਼ਵ ਟੀਮ ਸਨੂਕਰ ਚੈਂਪੀਅਨਸ਼ਿਪ ਵਿਚ ਹਿੱਸਾ ਲੈਣਾ ਹੈ।