ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਆਸਟਰੇਲੀਆ ਲਈ ਵੱਡੀ ਚੁਣੌਤੀ ਮੰਨਦੇ ਹਨ ਗਿਲਕ੍ਰਿਸਟ

11/17/2018 10:33:38 AM

ਨਵੀਂ ਦਿੱਲੀ— ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਿਛਲੇ ਕੁਝ ਸਮੇਂ 'ਚ ਆਪਣੀ ਸਮਰਥਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਹੈ ਪਰ ਸਾਬਕਾ ਆਸਟਰੇਲੀਆਈ ਵਿਕਟਕੀਪਰ ਐਡਮ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਆਸਟਰੇਲੀਆ ਖਿਲਾਫ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ। ਭਾਰਤੀ ਤੇਜ਼ ਗੇਂਦਬਾਜ਼ੀ ਹਮਲੇ ਨੂੰ ਅਜੇ ਤਕ ਸਰਵਸ੍ਰੇਸ਼ਠ ਮੰਨਿਆ ਜਾਂਦਾ ਹੈ ਅਤੇ ਗਿਲਕ੍ਰਿਸਟ ਨੂੰ ਲਗਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਬਰਦਸਤ ਸਮਰਥਾ ਦਿਖਾਈ ਹੈ। ਗਿਲਕ੍ਰਿਸਟ ਨੇ ਕਿਹਾ, ''ਇਹ ਕਹਿਣਾ ਮੁਸ਼ਕਲ ਹੈ ਕਿ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਗੇ। ਇਹ ਸੀਰੀਜ਼ ਦਾ ਦਿਲਚਸਪ ਹਿੱਸਾ ਬਣਨ ਜਾ ਰਿਹਾ ਹੈ ਕਿਉਂਕਿ ਆਸਟਰੇਲੀਆਈ ਤੇਜ਼ ਗੇਂਦਬਾਜ਼ਾਂ ਨੇ ਸਾਬਤ ਕੀਤਾ ਹੈ ਕਿ ਆਸਟਰੇਲੀਆਈ ਹਾਲਾਤ 'ਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ।''

ਉਨ੍ਹਾਂ ਕਿਹਾ, ''ਪਰ ਮੈਂ ਤੇਜ਼ ਗੇਂਦਬਾਜ਼ੀ ਇਕਾਈ ਨੂੰ ਲੈ ਕੇ ਭਾਰਤੀ ਨਜ਼ਰੀਏ ਤੋਂ ਅਸਲ 'ਚ ਉਤਸ਼ਾਹਤ ਹਾਂ ਅਤੇ ਉਨ੍ਹਾਂ ਇੰਗਲੈਂਡ 'ਚ ਝਲਕ ਦਿਖਾਈ ਸੀ ਕਿ ਉਹ ਚੰਗੀ ਬੱਲੇਬਾਜ਼ੀ ਲਾਈਨ ਅਪ ਨੂੰ ਵੀ ਤਹਿਸ-ਨਹਿਸ ਕਰ ਸਕਦੇ ਹਨ। ਉਹ ਫਿੱਟ ਹਨ, ਦਮਦਾਰ ਹਨ, ਉਹ ਹਮਲਾਵਰ ਯੁਵਾ ਹਨ ਅਤੇ ਆਸਟਰੇਲੀਆ ਨੂੰ ਆਸਟਰੇਲੀਆ 'ਚ ਚੁਣਤੀ ਦੇਣ ਦੀ ਸਥਿਤੀ 'ਚ ਹਨ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਕਦੀ ਵੀ ਆਸਟਰੇਲੀਆ 'ਚ ਟੈਸਟ ਸੀਰੀਜ਼ ਨਹੀਂ ਜਿੱਤੀ ਸੀ। ਇਸ ਦੌਰੇ 'ਤੇ ਭਾਰਤ ਚਾਰ ਟੈਸਟ, ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚ ਖੇਡੇਗਾ। ਟੀ-20 ਸੀਰੀਜ਼ ਦਾ ਪਹਿਲਾ ਮੈਚ ਗਾਬਾ 'ਚ 21 ਨਵੰਬਰ ਨੂੰ ਹੋਵੇਗਾ। ਦੂਜਾ ਟੀ-20 ਐੱਮ.ਸੀ.ਜੀ. 'ਚ 23 ਨਵੰਬਰ ਨੂੰ ਹੋਵੇਗਾ। ਤੀਜਾ ਟੀ-20 ਐੱਸ.ਸੀ.ਜੀ.'ਚ 25 ਨਵੰਬਰ ਨੂੰ ਹੋਵੇਗਾ।

Tarsem Singh

This news is Content Editor Tarsem Singh